ਹਰਿਆਣਾ ਵਿੱਚ ਕਾਨੂੰਨ ਵਿਵਸਥਾ ਦਾ ਮਾੜਾ ਹਾਲ: ਚੌਟਾਲਾ
ਪੱਤਰ ਪ੍ਰੇਰਕ
ਯਮੁਨਾਨਗਰ, 16 ਜੂਨ
ਇੰਡੀਅਨ ਨੈਸ਼ਨਲ ਲੋਕ ਦਲ ਮਹਿਲਾ ਸੈੱਲ ਇੰਚਾਰਜ ਸੁਨੈਨਾ ਚੌਟਾਲਾ ਅੱਜ ਇੱਥੇ ਪਹੁੰਚੀ। ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਮਹਿਲਾਵਾਂ ਇਨੈਲੋ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੈਨਾ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿੱਚ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਗਈ ਹੈ। ਹਰ ਰੋਜ਼ ਧਮਕੀਆਂ, ਕਤਲ ਅਤੇ ਅਗਵਾ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ, ਜਦੋਂ ਗੁੜਗਾਓਂ ਵਿੱਚ ਸ਼ਰਾਬ ਦੇ ਠੇਕਿਆਂ ਲਈ ਬੋਲੀ ਲਗਾਈ ਜਾਂਦੀ ਹੈ ਤਾਂ ਗੋਲੀਆਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ, ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸੁਨੈਨਾ ਚੌਟਾਲਾ ਨੇ ਕਿਹਾ ਕਿ ਭਾਜਪਾ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਵੋਟਾਂ ਨਹੀਂ ਮੰਗਦੀ, ਸਗੋਂ ਜਾਤ ਅਤੇ ਧਰਮ ਦੇ ਨਾਮ ’ਤੇ ਵੋਟਾਂ ਮੰਗਦੀ ਹੈ। ਸੁਨੈਨਾ ਚੌਟਾਲਾ ਨੇ ਭਾਜਪਾ ਵੱਲੋਂ ਹਰਿਆਣਾ ਵਿੱਚ ਔਰਤਾਂ ਨੂੰ 2100 ਰੁਪਏ ਦੇਣ ਦੇ ਐਲਾਨ ’ਤੇ ਸਵਾਲ ਉਠਾਇਆ ਅਤੇ ਕਿਹਾ ਕਿ ਭਾਜਪਾ ਨੇ ਜੋ ਵੀ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਤੱਕ ਕਈ ਤਰ੍ਹਾਂ ਦਾ ਮੁਆਵਜ਼ਾ ਨਹੀਂ ਮਿਲਿਆ ਹੈ। ਇਨੈਲੋ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਏਗੀ। ਇਸ ਮੌਕੇ ਇਨੈਲੋ ਮਹਿਲਾ ਜ਼ਿਲ੍ਹਾ ਪ੍ਰਧਾਨ ਰੀਟਾ ਮਹਿਤਾ, ਸੂਬਾ ਜਨਰਲ ਸਕੱਤਰ ਮੰਗਤਰਾਮ ਸੈਣੀ, ਘੱਟ ਗਿਣਤੀ ਸੈੱਲ ਦੇ ਸੂਬਾ ਪ੍ਰਧਾਨ ਚੌਧਰੀ ਜ਼ਾਹਿਦ ਖ਼ਾਨ, ਜ਼ਿਲ੍ਹਾ ਯਮੁਨਾਨਗਰ ਪਾਰਟੀ ਦੇ ਸਕੱਤਰ ਸੁਰੇਸ਼ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਹਾਜ਼ਰ ਸਨ।