ਬੰਗਲਾਦੇਸ਼ ’ਚ ਟੈਗੋਰ ਦੇ ਜੱਦੀ ਘਰ ਨੂੰ ਢਾਹੁਣ ਵਿਰੁੱਧ ਦਿੱਲੀ ’ਚ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ 16 ਜੂਨ
ਅੱਜ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਬੰਗਲਾਦੇਸ਼ ਵਿੱਚ ਭਾਰਤ ਰਤਨ ਨੋਬਲ ਪੁਰਸਕਾਰ ਜੇਤੂ ਰਬਿੰਦਰ ਨਾਥ ਟੈਗੋਰ ਦੇ ਜੱਦੀ ਘਰ ’ਤੇ ਯੋਜਨਾਬੱਧ ਹਮਲੇ ਅਤੇ ਭੰਨਤੋੜ ਦੇ ਵਿਰੋਧ ਵਿੱਚ ਨਵੀਂ ਦਿੱਲੀ ਵਿੱਚ ਬੰਗਲਾਦੇਸ਼ ਹਾਈ ਕਮਿਸ਼ਨ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਨੂੰ ਸ੍ਰੀ ਸਚਦੇਵਾ ਨੇ ਸੰਸਦ ਮੈਂਬਰ ਮਨੋਜ ਤਿਵਾੜੀ, ਰਾਮਵੀਰ ਸਿੰਘ ਬਿਧੂਰੀ ਅਤੇ ਯੋਗੇਂਦਰ ਚੰਦੋਲੀਆ ਦੇ ਨਾਲ ਸੰਬੋਧਨ ਕੀਤਾ। ਪ੍ਰਦਰਸ਼ਨਕਾਰੀ ਤੀਨ ਮੂਰਤੀ ਚੌਕ ਵਿਖੇ ਪ੍ਰਧਾਨ ਮੰਤਰੀ ਅਜਾਇਬ ਘਰ ਨੇੜੇ ਇਕੱਠੇ ਹੋਏ ਅਤੇ ਦੋ ਪੁਲੀਸ ਬੈਰੀਕੇਡ ਤੋੜ ਕੇ ਬੰਗਲਾਦੇਸ਼ ਹਾਈ ਕਮਿਸ਼ਨ ਦੇ ਦਫ਼ਤਰ ਵੱਲ ਚਲੇ ਗਏ। ਇੱਥੇ ਪੁਲੀਸ ਟੀਮ ਨੇ ਉਨ੍ਹਾਂ ਨੂੰ ਜ਼ਬਰਦਸਤੀ ਰੋਕਿਆ। ਪ੍ਰਦਰਸ਼ਨਕਾਰੀ ਉੱਥੇ ਹੀ ਧਰਨਾ ਲਾ ਕੇ ਬੈਠ ਗਏ। ਦਿੱਲੀ ਪੁਲੀਸ ਫਿਰ ਉਨ੍ਹਾਂ ਨੂੰ ਚਾਣਕਿਆਪੁਰੀ ਪੁਲੀਸ ਸਟੇਸ਼ਨ ਲੈ ਗਈ। ਲਗਪਗ ਅੱਧੇ ਘੰਟੇ ਬਾਅਦ, ਸਾਰਿਆਂ ਨੂੰ ਚਿਤਾਵਨੀ ਦੇਣ ਤੋਂ ਬਾਅਦ ਛੱਡ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀ ਰਬਿੰਦਰ ਨਾਥ ਟੈਗੋਰ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਫੜ ਕੇ ਨਾਅਰੇ ਲਗਾ ਰਹੇ ਸਨ ਕਿ ਹਿੰਦੋਸਤਾਨ ਭਾਰਤ ਰਤਨ ਰਬਿੰਦਰ ਨਾਥ ਟੈਗੋਰ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਕਈ ਵਿਧਾਇਕਾਂ ਅਤੇ ਨਿਗਮ ਕੌਂਸਲਰਾਂ ਦੇ ਨਾਲ, ਰਾਜ ਦੇ ਆਗੂਆਂ ਸਣੇ ਵਰਕਰਾਂ ਨੇ ਹਿੱਸਾ ਲਿਆ। ਦਿੱਲੀ ਭਾਜਪਾ ਦੇ ਬੰਗਾਲ ਸੈੱਲ ਕਨਵੀਨਰ ਸ੍ਰੀ ਤਪਸ ਰਾਏ ਦੇ ਨਾਲ, ਬੰਗਾਲ ਤੋਂ ਆ ਕੇ ਦਿੱਲੀ ਵਿੱਚ ਵਸੇ ਬਹੁਤ ਸਾਰੇ ਨਾਗਰਿਕਾਂ ਨੇ ਵੀ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਪ੍ਰਸਿੱਧ ਗਾਇਕਾ ਸ੍ਰੀਮਤੀ ਸਪਨਾ ਚੌਧਰੀ ਨੇ ਵੀ ਅੱਜ ਦੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ।
ਦਿੱਲੀ ਭਾਜਪਾ ਪ੍ਰਧਾਨ ਸ੍ਰੀ ਸਚਦੇਵਾ ਨੇ ਕਿਹਾ ਕਿ ਰਾਬਿੰਦਰਨਾਥ ਟੈਗੋਰ ਇੱਕ ਮਹਾਨ ਵਿਅਕਤੀ ਹਨ ਪਰ ਉਨ੍ਹਾਂ ਦੇ ਜੱਦੀ ਘਰ ਨੂੰ ਯੋਜਨਾਬੱਧ ਢੰਗ ਨਾਲ ਢਾਹੁਣਾ ਸਿਰਫ਼ ਇੱਕ ਹਮਲਾ ਨਹੀਂ ਹੈ ਸਗੋਂ ਇਹ ਬੰਗਾਲੀ ਸੱਭਿਆਚਾਰ ’ਤੇ ਹਮਲਾ ਹੈ। ਇਹ ਹਿੰਦੂ ਸੱਭਿਆਚਾਰ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਬੰਗਾਲੀ ਸੱਭਿਆਚਾਰ ਗੀਤਾਂ, ਮਿੱਠੀਆਂ ਗੱਲਾਂ, ਕਲਾ ਅਤੇ ਸੱਭਿਆਚਾਰ ਦੀ ਗੱਲ ਕਰਦਾ ਹੈ ਪਰ ਜੇ ਕੋਈ ਇਸ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਭਾਰਤ ਦਾ ਹਰ ਵਿਅਕਤੀ ਆਪਣੀ ਆਵਾਜ਼ ਬੁਲੰਦ ਕਰੇਗਾ। ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਰਾਬਿੰਦਰਨਾਥ ਟੈਗੋਰ ਅਜਿਹੇ ਵਿਅਕਤੀ ਸਨ ਜੋ ਕਿਸੇ ਵੀ ਤਰ੍ਹਾਂ ਦੀਆਂ ਸੀਮਾਵਾਂ ਵਿੱਚ ਬੱਝੇ ਨਹੀਂ ਸਨ। ਯੋਗੇਂਦਰ ਚੰਦੋਲੀਆ ਨੇ ਕਿਹਾ ਕਿ ਦਿੱਲੀ ਵਿੱਚ ਇਹ ਤਸਵੀਰ ਬੰਗਲਾਦੇਸ਼ ਦੇ ਹਿੰਦੂਆਂ ਨੂੰ ਤਾਕਤ ਦੇਵੇਗੀ। ਬੰਗਲਾਦੇਸ਼ ਵਿੱਚ ਟੈਗੋਰ ਦੇ ਜੱਦੀ ਘਰ ’ਤੇ ਜੋ ਹੋਇਆ ਇਹ ਹਮਲਾ ਦੱਸਦਾ ਹੈ ਕਿ ਅੱਜ ਉੱਥੇ ਹਿੰਦੂਆਂ ਦੀ ਕੀ ਹਾਲਤ ਹੈ।