ਆਰਸੀ ਤੇ ਡਰਾਈਵਿੰਗ ਲਾਇਸੈਂਸਾਂ ਦੀ ਰਜਿਸਟਰੇਸ਼ਨ ਖੇਤਰੀ ਅਧਿਕਾਰੀ ਕਰਨਗੇ
ਅਤਿਸ਼ ਗੁਪਤਾ
ਚੰਡੀਗੜ੍ਹ, 16 ਜੂਨ
ਪੰਜਾਬ ਸਰਕਾਰ ਨੇ ਸੂਬੇ ਵਿੱਚ ਆਰਸੀ ਤੇ ਡਰਾਈਵਿੰਗ ਲਾਇਸੈਂਸਾਂ ਦੇ ਬੈਕਲਾਗ ਨੂੰ ਘਟਾਉਣ ਲਈ ਵਾਹਨਾਂ ਦੀ ਆਰਸੀ ਅਤੇ ਡਰਾਈਵਿੰਗ ਲਾਇਸੈਂਸਾਂ ਦੀ ਰਜਿਸਟਰੇਸ਼ਨ ਅਤੇ ਰੀਨਿਊਅਲ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦੇ ਦਿੱਤੇ ਹਨ। ਇਸ ਨਾਲ ਇਸ ਸਬੰਧੀ ਕਈ ਸਾਲਾਂ ਦੇ ਬੈਕਲਾਗ ਦਾ ਕੰਮ ਪੂਰਾ ਕੀਤਾ ਜਾ ਸਕੇਗਾ ਅਤੇ ਆਮ ਲੋਕਾਂ ਨੂੰ ਰਾਹਤ ਮਿਲੇਗੀ। ਇਹ ਐਲਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਰਦਿਆਂ ਕਿਹਾ ਕਿ ਸੂਬਾ ਵਾਸੀ ਇੱਕ ਨਿਰਧਾਰਿਤ ਪ੍ਰਕਿਰਿਆ ਅਪਣਾ ਕੇ ਇਸ ਦਾ ਲਾਭ ਲੈ ਸਕਣਗੇ। ਹੁਣ ਬਿਨੈਕਾਰ ਆਪਣੇ ਪੁਰਾਣੇ ਵਾਹਨ ਅਤੇ ਡਰਾਈਵਿੰਗ ਲਾਇਸੈਂਸ ਨੂੰ ਆਨਲਾਈਨ ਕਰਵਾ ਸਕਦੇ ਹਨ ਅਤੇ ਸਬੰਧਤ ਦਸਤਾਵੇਜ਼ਾਂ ਨੂੰ ਰੀਨਿਊ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਆਰਸੀ ਅਤੇ ਡੀਐੱਲ ਨੂੰ ਰੀਨਿਊ ਕਰਨ ਸਬੰਧੀ ਦਸਤਾਵੇਜ਼ਾਂ ਦੀਆਂ ਪ੍ਰਵਾਨਗੀਆਂ ਅਤੇ ਆਨਲਾਈਨ ਨਾ ਹੋਣਾ ਵੱਡੀ ਰੁਕਾਵਟ ਬਣਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਲਿਖਤੀ ਪੱਤਰ ਰਾਹੀਂ ਪੰਜਾਬ ਦੀਆਂ ਸਮੂਹ ਰਜਿਸਟ੍ਰਿੰਗ ਅਥਾਰਟੀਜ਼ ਅਤੇ ਸਮੂਹ ਲਾਇਸੈਂਸਿੰਗ ਅਥਾਰਟੀਜ਼ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਬੈਕਲਾਗ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜੋ ਦਸਤਾਵੇਜ਼ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲੇ ਦੀਆਂ ਸ਼ਰਤਾਂ ਦੀ ਪੂਰਤੀ ਨਾ ਕਰਦੇ ਹੋਣ, ਉਨ੍ਹਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਵੱਲੋਂ 24 ਮਈ, 2024 ਨੂੰ ਜਾਰੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਜਿੱਠਣ ਲਈ ਲਿਖਿਆ ਗਿਆ ਹੈ। ਆਰਸੀ ਅਤੇ ਡੀਐੱਲ ਦੇ ਬੈਕਲਾਗ ਸਬੰਧੀ ਕਾਰਜਕਾਰੀ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਲਿਆ ਜਾਵੇਗਾ, ਜਿਸ ਵਿੱਚ ਬੈਕਲਾਗ ਰਾਹੀਂ ਆਨਲਾਈਨ ਕਰਵਾਉਣ ਸਬੰਧੀ, ਮਿਆਦ, ਕੈਟਾਗਿਰੀ, ਮੈਨੂਅਲ ਜਾਰੀ ਕਰਨ ਵਾਲੀ ਅਥਾਰਿਟੀ, ਟੈਕਸ ਭਰੇ ਹੋਣ ਤੇ ਕੋਈ ਬਕਾਇਆ ਨਾ ਹੋਣ ਸਬੰਧੀ ਅਤੇ ਸਮੁੱਚੀ ਜਾਣਕਾਰੀ ਸਹੀ ਹੋਣ ਸਬੰਧੀ ਇੰਦਰਾਜ ਕਰਨਾ ਹੋਵੇਗਾ।