ਰੰਜਿਸ਼ ਤਹਿਤ ਕੀਤੇ ਹਮਲੇ ਵਿੱਚ ਔਰਤ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜਨਵਰੀ
ਥਾਣਾ ਡਾਬਾ ਅਧੀਨ ਪੈਂਦੀ ਮਾਨ ਕਲੋਨੀ ਵਿੱਚ ਅੱਜ ਹੋਏ ਇੱਕ ਝਗੜੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਦੀਪਤੀ ਵਜੋਂ ਹੋਈ ਹੈ।
ਪੁਲੀਸ ਨੇ ਦਿਪਤੀ ਦੇ ਭਰਾ ਦਿਨੇਸ਼ ਕੁਮਾਰ ਪਾਠਕ ਦੀ ਸ਼ਿਕਾਇਤ ’ਤੇ ਮਾਨ ਕਲੋਨੀ ਵਾਸੀ ਦਵਿੰਦਰ ਕੁਮਾਰ, ਗੁਰਦਾਸਪੁਰ ਵਾਸੀ ਰੀਨਾ, ਹਰਸ਼ ਸ਼ਰਮਾ, ਆਕਾਸ਼, ਮਾਨ ਕਲੋਨੀ ਵਾਸੀ ਬੇਬੀ ਤੇ 6 ਹੋਰਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਦਵਿੰਦਰ ਕੁਮਾਰ, ਬੇਬੀ ਤੇ ਦੋ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ, ਪੋਸਟਮਾਰਟਮ ਤੋਂ ਬਾਅਦ ਦਿਪਤੀ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।ਦਿਨੇਸ਼ ਕੁਮਾਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮਾਂ ’ਚ ਸ਼ਾਮਲ ਰੀਨਾ ਮ੍ਰਿਤਕ ਦਿਪਤੀ ਦੀ ਜੇਠਾਣੀ ਹੈ, ਜਿਸ ਦਾ ਆਪਣੀ ਸੱਸ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਦਿਨੇਸ਼ ਨੇ ਦੋਸ਼ ਲਾਇਆ ਕਿ ਰੀਨਾ ਦਿਪਤੀ ਰਾਹੀਂ ਸੱਸ ਨਾਲ ਰੰਜਿਸ਼ ਕੱਢਣਾ ਚਾਹੁੰਦਾ ਸੀ। ਦਿਪਤੀ ਨੂੰ ਬੀਤੀ 3 ਜਨਵਰੀ ਨੂੰ ਜਣੇਪੇ ਲਈ ਇਲਾਕੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਉਸ ਵੇਲੇ ਮੁਲਜ਼ਮਾਂ ਨੇ ਹਸਪਤਾਲ ’ਚ ਦਾਖਲ ਹੋ ਕੇ ਦਿਪਤੀ ਦੀ ਸੱਸ ਨਾਲ ਕੁੱਟ-ਮਾਰ ਕੀਤੀ ਸੀ। ਇਸ ਮਗਰੋਂ ਦਿਨੇਸ਼ ਤੇ ਹੋਰ ਪਰਿਵਾਰਕ ਮੈਂਬਰ ਹਸਪਤਾਲ ਤੋਂ ਛੁੱਟੀ ਕਰਵਾ ਕੇ ਦੀਪਤੀ ਨੂੰ ਘਰੇ ਲੈ ਗਏ। ਪਰ ਅਗਲੇ ਦਿਨ ਮੁਲਜ਼ਮਾਂ ਨੇ ਘਰ ਪਹੁੰਚ ਕੇ ਵੀ ਸਾਰਿਆਂ ਨਾਲ ਕੁੱਟ-ਮਾਰ ਕੀਤੀ। ਇਸ ਦੌਰਾਨ ਦਿਪਤੀ ਦੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।