221 ਕਰੋੜ ਨਾਲ ਹੋਵੇਗਾ ਪਾਵਰ ਨੈੱਟਵਰਕ ਦਾ ਕਾਇਆਕਲਪ: ਈਟੀਓ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਈ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿੱਤੀ ਸਾਲ 2024-25 ਦੌਰਾਨ ਲੁਧਿਆਣਾ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਬਿਜਲੀ ਵੰਡ ਨੈੱਟਵਰਕ ਸਬੰਧੀ ਸੁਧਾਰ ਕਾਰਜਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਵਿਆਪਕ ਪਹਿਲਕਦਮੀ ਨੂੰ 221 ਕਰੋੜ ਰੁਪਏ ਦੇ ਕੁੱਲ ਨਿਵੇਸ਼ ਨਾਲ ਨੇਪਰੇ ਚਾੜ੍ਹਿਆ ਜਾਵੇਗਾ, ਜਿਸ ਦਾ ਉਦੇਸ਼ ਬਿਜਲੀ ਦੀ ਬਿਜਲੀ ਕੱਟਾ ਨੂੰ ਘਟਾਉਣਾ, ਨੁਕਸਾਨਾਂ ਨੂੰ ਘਟਾਉਣਾ ਅਤੇ ਭਵਿੱਖੀ ਮੰਗ ਲਈ ਗਰਿੱਡ ਨੂੰ ਤਿਆਰ ਕਰਨਾ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪਹਿਲ ਸੂਬੇ ਦੇ ਬਿਜਲੀ ਖੇਤਰ ਦੇ ਆਧੁਨਿਕੀਕਰਨ ਵਿੱਚ ਇੱਕ ਨਵੇਂ ਯੁੱਗ ਦਾ ਆਗਾਜ਼ ਹੈ। ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਲੁਧਿਆਣਾ ਦੇ ਬਿਜਲੀ ਬੁਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ ਸਾਡੇ ਨਾਗਰਿਕਾਂ ਨੂੰ ਨਿਰਵਿਘਨ, ਉੱਚ-ਗੁਣਵੱਤਾ ਵਾਲੀ ਬਿਜਲੀ ਮੁਹੱਈਆ ਕਰਨ ਦੇ ਸਾਡੇ ਮਿਸ਼ਨ ਵਿੱਚ ਇੱਕ ਅਹਿਮ ਕਦਮ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਾਵਰਕੌਮ ਵੱਲੋਂ 19 ਪਾਵਰ ਟਰਾਂਸਫਾਰਮਰਾਂ ਨੂੰ 20 ਐਮਵੀਏ ਤੋਂ 31.5 ਐਮਵੀਏ ਵਿੱਚ ਸਫਲਤਾਪੂਰਵਕ ਅਪਗ੍ਰੇਡ ਕੀਤਾ ਗਿਆ ਹੈ ਅਤੇ ਤਿੰਨ 220 ਕੇਵੀ ਉੱਚ-ਸਮਰੱਥਾ ਵਾਲੇ ਟਰਾਂਸਫਾਰਮਰਾਂ ਦੀ ਸਮਰੱਥਾ 100 ਐਮਵੀਏ ਤੋਂ 160 ਐਮਵੀਏ ਤੱਕ ਵਧਾਈ ਗਈ ਹੈ। ਇਸ ਤੋਂ ਇਲਾਵਾ 2 ਨਵੇਂ 20 ਐਮਵੀਏ ਟਰਾਂਸਫਾਰਮਰ ਵੀ ਕਾਰਜਸ਼ੀਲ ਕੀਤੇ ਗਏ ਹਨ। ਪੀਐਸਪੀਸੀਐਲ ਨੇ ਹੋਰ ਟਰਾਂਸਫਾਰਮਰ ਲਗਾਉਣ ਲਈ 125 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਬਿਜਲੀ ਲਾਈਨਾਂ ਦੇ ਆਧੁਨਿਕੀਕਰਨ ਲਈ ਲਗਭਗ 450 ਕਿਲੋਮੀਟਰ ਹਾਈ-ਟੈਂਸ਼ਨ (ਐਚਟੀ) ਅਤੇ 470 ਕਿਲੋਮੀਟਰ ਲੋ-ਟੈਂਸ਼ਨ (ਐਲਟੀ) ਲਾਈਨਾਂ ਨੂੰ ਅਪਗ੍ਰੇਡ ਜਾਂ ਬਦਲਿਆ ਗਿਆ। 13 ਕਰੋੜ ਰੁਪਏ ਦੀ ਲਾਗਤ ਨਾਲ ਪੁਰਾਣੀਆਂ ਏਸੀਐਸਆਰ ਲਾਈਨਾਂ ਨੂੰ ਐਡਵਾਂਸਡ ਐਚਟੀਐਲਐਸ ਕੰਡਕਟਰਾਂ ਨਾਲ ਬਦਲਿਆ ਗਿਆ ਹੈ। ਚੋਰੀ-ਪ੍ਰਭਾਵਿਤ ਖੇਤਰਾਂ ਵਿੱਚ ਐਲਟੀ ਲਾਈਨਾਂ ਦੀ ਚੋਰੀ ਨੂੰ ਘਟਾਉਣ ਲਈ ਇੰਸੂਲੇਟਡ ਕੇਬਲਾਂ ਵਿੱਚ ਤਬਦੀਲ ਕੀਤਾ ਗਿਆ ਹੈ।
ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਟਰਾਂਸਫਾਰਮਰ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ 47 ਕਰੋੜ ਰੁਪਏ ਦੇ ਨਿਵੇਸ਼ ਨਾਲ 921 ਨਵੇਂ ਡਿਸਟਰੀਬਿਊਸ਼ਨ ਟਰਾਂਸਫਾਰਮਰ ਅਤੇ 396 ਓਵਰਲੋਡਿਡ ਟਰਾਂਸਫਾਰਮਰਾਂ ਨੂੰ ਬਦਲਣ ਦਾ ਕੰਮ ਕੀਤਾ ਗਿਆ ਹੈ। ਵੰਡ ਲੋਡ ਨੂੰ ਅਨੁਕੂਲ ਬਣਾਉਣ ਅਤੇ ਬਿਜਲੀ ਕੱਟ ਦੇ ਸਮੇਂ ਘਟਾਉਣ ਲਈ 79 ਓਵਰਲੋਡਿਡ ਫੀਡਰਾਂ ਨੂੰ ਵੰਡਿਆ ਗਿਆ, ਜਿਸ ਨਾਲ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿੱਚ ਸੁਧਾਰ ਹੋਇਆ। ਫੀਡਰ ਅਨੁਕੂਲਨ ਕਾਰਜ ਲਈ 23 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ 92,757 ਤੋਂ ਵੱਧ ਸਮਾਰਟ ਮੀਟਰ ਲਗਾਏ ਜਾਣ ਨਾਲ, ਬਿਜਲੀ ਚੋਰੀ ’ਤੇ ਰੋਕ ਲੱਗੀ ਹੈ ਅਤੇ ਬਿਲਿੰਗ ਵਿੱਚ ਅੱਠ ਫੀਸਦ ਦਾ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੀਤੇ ਗਏ ਸੁਧਾਰ ਕਾਰਜਾਂ ਨੇ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਕਾਫ਼ੀ ਲਾਭ ਪਹੁੰਚਾਇਆ ਹੈ।
ਦੋ ਸਾਲਾਂ ਵਿੱਚ ਹੋਵੇਗਾ ਸੂਬਾ ਪੱਧਰ ’ਤੇ 728 ਕਰੋੜ ਦਾ ਨਿਵੇਸ਼
ਬਿਜਲੀ ਮੰਤਰੀ ਨੇ ਵਿੱਤੀ ਸਾਲਾਂ 2025-26 ਅਤੇ 2026-27 ਲਈ ਉਲੀਕਿਆ ਸੂਬੇ ਦਾ ਅਹਿਮ ਖਾਕਾ ਸਾਂਝਾ ਕੀਤਾ, ਜਿਸ ਦੌਰਾਨ ਬਿਜਲੀ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਰੀਬ 728 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਮੁੱਖ ਪਹਿਲਕਦਮੀਆਂ ਵਿੱਚ 14 ਨਵੇਂ ਸਬਸਟੇਸ਼ਨਾਂ ਦਾ ਨਿਰਮਾਣ, ਜਿਸਦੀ ਅਨੁਮਾਨਤ ਲਾਗਤ 280 ਕਰੋੜ ਰੁਪਏ ਹੈ ਅਤੇ 65 ਕਰੋੜ ਰੁਪਏ ਦੇ ਨਿਵੇਸ਼ ਨਾਲ ਗਿਆਸਪੁਰਾ ਵਿਖੇ ਅਤਿ-ਆਧੁਨਿਕ 220 ਕੇ.ਵੀ. ਜੀਆਈਐਸ ਸਬਸਟੇਸ਼ਨ ਨੂੰ ਅਗਲੇ 15 ਦਿਨਾਂ ਦੇ ਅੰਦਰ ਮੁਕੰਮਲ ਕਰਨਾ ਸ਼ਾਮਲ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਤਬਦੀਲੀ ਤਾਂ ਮਹਿਜ਼ ਸ਼ੁਰੂਆਤ ਹੈ। ਸ਼ਹਿਰ ਨੂੰ ਇੱਕ ਮਜ਼ਬੂਤ ਤੇ ਆਧੁਨਿਕ ਬਿਜਲੀ ਬੁਨਿਆਦੀ ਢਾਂਚੇ ਨਾਲ ਜੋੜਿਆ ਜਾਏਗਾ।
Advertisement