ਹੱਦਬੰਦੀ ਦੇ ਮਾਮਲੇ ’ਤੇ ਡੀਐੱਮਕੇ ਦਾ ਪ੍ਰਦਰਸ਼ਨ; ਸੰਸਦ ਠੱਪ
ਨਵੀਂ ਦਿੱਲੀ, 20 ਮਾਰਚ
ਡੀਐੱਮਕੇ ਮੈਂਬਰ ਨੇ ਪ੍ਰਸਤਾਵਿਤ ਹੱਦਬੰਦੀ ਖ਼ਿਲਾਫ਼ ਵੀਰਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ ’ਚ ਹੰਗਾਮਾ ਕੀਤਾ। ਉਹ ਨਾਅਰੇ ਲਿਖੀਆਂ ਟੀ-ਸ਼ਰਟਾਂ ਪਹਿਨ ਕੇ ਸੰਸਦ ਅੰਦਰ ਪੁੱਜੇ ਸਨ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ’ਚ ਪ੍ਰਦਰਸ਼ਨ ਕਾਰਨ ਵਾਰ ਵਾਰ ਅੜਿੱਕਾ ਪਿਆ ਅਤੇ ਅਖੀਰ ਉਸ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ। ਡੀਐੱਮਕੇ ਆਗੂਆਂ ਦੀ ਟੀ-ਸ਼ਰਟ ’ਤੇ ‘ਫੇਅਰ ਡੀਲਿਮੀਟੇਸ਼ਨ (ਨਿਰਪੱਖ ਹੱਦਬੰਦੀ)’ ਅਤੇ ‘ਤਾਮਿਲਨਾਡੂ ਵਿਲ ਫਾਈਟ, ਤਾਮਿਲਨਾਡੂ ਵਿਲ ਵਿਨ (ਤਾਮਿਲਨਾਡੂ ਲੜੇਗਾ, ਤਾਮਿਲਨਾਡੂ ਜਿੱਤੇਗਾ)’ ਦੇ ਨਾਅਰੇ ਲਿਖੇ ਹੋਏ ਸਨ। ਲੋਕ ਸਭਾ ’ਚ ਸਪੀਕਰ ਓਮ ਬਿਰਲਾ ਨੇ ਸੰਸਦੀ ਮਰਿਆਦਾ ਅਤੇ ਨੇਮਾਂ ਦਾ ਹਵਾਲਾ ਦਿੰਦਿਆਂ ਡੀਐੱਮਕੇ ਮੈਂਬਰਾਂ ਨੂੰ ਟੀ-ਸ਼ਰਟ ਉਤਾਰ ਕੇ ਸਾਧਾਰਣ ਪਹਿਰਾਵੇ ’ਚ ਸਦਨ ਅੰਦਰ ਆਉਣ ਦੀ ਅਪੀਲ ਕੀਤੀ ਪਰ ਉਨ੍ਹਾਂ ਹੱਦਬੰਦੀ ਦੇ ਮੁੱਦੇ ’ਤੇ ਆਪਣਾ ਵਿਰੋਧ ਜਾਰੀ ਰੱਖਿਆ। ਲਿਹਾਜ਼ਾ ਹੰਗਾਮੇ ਕਾਰਨ ਹੇਠਲੇ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨ ਮਗਰੋਂ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤੀ ਗਈ।
ਤਾਮਿਲਨਾਡੂ ਦੀ ਹੁਕਮਰਾਨ ਧਿਰ ਡੀਐੱਮਕੇ ਦੀ ਮੰਗ ਹੈ ਕਿ ਆਬਾਦੀ ਦੇ ਆਧਾਰ ’ਤੇ ਹੱਦਬੰਦੀ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਸੂਬਿਆਂ ਨੂੰ ਲੋਕ ਸਭਾ ਸੀਟਾਂ ਦੇ ਸੰਦਰਭ ’ਚ ਨੁਕਸਾਨ ਹੋਵੇਗਾ ਜਿਨ੍ਹਾਂ ਅਸਰਦਾਰ ਢੰਗ ਨਾਲ ਆਬਾਦੀ ’ਤੇ ਕੰਟਰੋਲ ਕੀਤਾ ਹੈ। ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਨਿਯਮ 349 ਪੜ੍ਹਨ ਲਈ ਆਖਿਆ ਜਿਸ ’ਚ ਸਦਨ ਦੀ ਮਾਣ-ਮਰਿਆਦਾ ਕਾਇਮ ਰੱਖਣ ਲਈ ਕਿਹੋ ਜਿਹਾ ਵਤੀਰਾ ਅਪਣਾਉਣਾ ਚਾਹੀਦਾ ਹੈ, ਉਸ ਬਾਰੇ ਲਿਖਿਆ ਹੋਇਆ ਹੈ। ਉਨ੍ਹਾਂ ਵਿਰੋਧੀ ਮੈਂਬਰਾਂ ਨੂੰ ਕਿਹਾ ਕਿ ਜੇ ਉਹ ਟੀ-ਸ਼ਰਟ ਉਤਾਰ ਕੇ ਆਉਣਗੇ ਤਾਂ ਹੀ ਸਦਨ ਦੀ ਕਾਰਵਾਈ ਚੱਲੇਗੀ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਵੱਡਾ ਆਗੂ ਹੋਵੇ, ਸਦਨ ਦੀ ਮਰਿਆਦਾ ਅਤੇ ਰਵਾਇਤਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ। ਹੁਕਮਰਾਨ ਭਾਜਪਾ ਮੈਂਬਰਾਂ ਨੇ ਵੀ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਸਦਨ ’ਚ ਨਾਅਰੇ ਲਿਖੀਆਂ ਟੀ-ਸ਼ਰਟਾਂ ਪਹਿਨ ਕੇ ਆਉਣ ’ਤੇ ਇਤਰਾਜ਼ ਜਤਾਇਆ।
ਇਸੇ ਮੁੱਦੇ ’ਤੇ ਰਾਜ ਸਭਾ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨ ਮਗਰੋਂ ਦੁਪਹਿਰ ਦੋ ਵਜੇ ਪੂਰੇ ਦਿਨ ਲਈ ਉਠਾ ਦਿੱਤੀ ਗਈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕੋਈ ਕਾਰਨ ਦੱਸੇ ਬਿਨਾਂ ਹੀ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਮਗਰੋਂ ਜਦੋਂ ਸਦਨ ਮੁੜ ਜੁੜਿਆ ਤਾਂ ਡਿਪਟੀ ਚੇਅਰਮੈਨ ਹਰਿਵੰਸ਼ ਨੇ ਕੋਈ ਕਾਰਨ ਦੱਸੇ ਬਿਨਾਂ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਇਸ ਮਗਰੋਂ ਸਦਨ ਦੁਪਹਿਰ ਦੋ ਵਜੇ ਤੱਕ ਲਈ ਮੁਲਤਵੀ ਕੀਤਾ ਗਿਆ। ਫਿਰ ਉਸ ਨੂੰ ਭਲਕੇ ਤੱਕ ਲਈ ਉਠਾ ਦਿੱਤਾ ਗਿਆ। ਜਾਣਕਾਰੀ ਮੁਤਾਬਕ ਧਨਖੜ ਨੇ ਡੀਐੱਮਕੇ ਮੈਂਬਰਾਂ ਦੇ ਨਾਅਰੇ ਲਿਖੀਆਂ ਟੀ-ਸ਼ਰਟਾਂ ਪਹਿਨ ਕੇ ਸਦਨ ’ਚ ਆਉਣ ’ਤੇ ਇਤਰਾਜ਼ ਜਤਾਇਆ। -ਪੀਟੀਆਈ