ਹੌਲੀ ਚੱਲ ਰਹੀ ਹੈ ਕਣਕ ਦੀ ਚੁਕਾਈ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਮਈ
ਸੰਗਰੂਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 8 ਲੱਖ 98 ਹਜ਼ਾਰ 728 ਮੀਟਰਕ ਟਨ ਕਣਕ ਦੀ ਫਸਲ ਦੀ ਕੁੱਲ ਆਮਦ ਹੋ ਚੁੱਕੀ ਹੈ ਜਿਸ ਵਿਚੋਂ 8 ਲੱਖ 98 ਹਜ਼ਾਰ 265 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਭਾਵੇਂ ਕਿ ਕਣਕ ਦੀ ਆਮਦ ਤੋਂ ਬਾਅਦ ਨਾਲੋਂ ਨਾਲ ਖਰੀਦ ਦਾ ਕੰਮ ਜਾਰੀ ਹੈ ਪਰ ਚੁਕਾਈ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ ਜਿਸ ਕਾਰਨ ਖਰੀਦ ਹੋ ਚੁੱਕੀ ਕਣਕ ਦੀਆਂ ਬੋਰੀਆਂ ਲਿਫਟਿੰਗ ਦੀ ਉਡੀਕ ਵਿਚ ਹਨ। ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚ 2 ਲੱਖ 33 ਹਜ਼ਾਰ 606 ਮੀਟਰਕ ਟਨ ਕਣਕ ਖੁੱਲ੍ਹੇ ਆਸਮਾਨ ਹੇਠ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀਆਂ ਕੁੱਲ 171 ਅਨਾਜ ਮੰਡੀਆਂ ਵਿਚ ਅੱਜ ਤੱਕ 8 ਲੱਖ 98 ਹਜ਼ਾਰ 728 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿਚੋਂ 8 ਲੱਖ 98 ਹਜ਼ਾਰ 265 ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ। ਖਰੀਦ ਹੋ ਚੁੱਕੀ ਕਣਕ ’ਚੋਂ ਅੱਜ ਤੱਕ 6 ਲੱਖ 64 ਹਜ਼ਾਰ 659 ਮੀਟਰਕ ਟਨ ਕਣਕ ਦੀ ਲਿਫਟਿੰਗ ਹੋਈ ਹੈ ਜਦੋਂ ਕਿ 2 ਲੱਖ 33 ਹਜ਼ਾਰ 606 ਮੀਟਰਕ ਟਨ ਕਣਕ ਦੀ ਲਿਫਟਿੰਗ ਨਹੀਂ ਹੋਈ ਜੋ ਕਿ ਅਨਾਜ ਮੰਡੀਆਂ ਵਿਚ ਖੁੱਲ੍ਹੇ ਆਸਮਾਨ ਹੇਠ ਹੈ। ਹੁਣ ਤੱਕ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਵੱਖ -ਵੱਖ ਖਰੀਦ ਏਜੰਸੀਆਂ ਵਲੋਂ 6 ਲੱਖ 74 ਹਜ਼ਾਰ 947 ਮੀਟਰਕ ਟਨ ਕਣਕ ਖਰੀਦ ਕੀਤੀ ਹੈ ਜਦੋਂ ਕਿ ਪ੍ਰਾਈਵੇਟ ਵਪਾਰੀਆਂ ਵਲੋਂ 2 ਲੱਖ 23 ਹਜ਼ਾਰ 318 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਲਹਿਰਾਗਾਗਾ ਦੀਆਂ ਮੰਡੀਆਂ ’ਚ ਬੋਰੀਆਂ ਦੇ ਅੰਬਾਰ ਲੱਗੇ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਕਣਕ ਦੀ ਖਰੀਦ ਦਾ ਕੰਮ ਆਖਰੀ ਪੜਾਅ ’ਤੇ ਹੈ ਅਤੇ ਮੰਡੀਆਂ ’ਚ ਲੱਖਾਂ ਕਣਕ ਦੀਆਂ ਬੋਰੀਆਂ ਚੁਕਾਈ ਦੀ ਉਡੀਕ ’ਚ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਜਿੱਥੇ ਕਣਕ ਦਾ ਝਾੜ ਬੰਪਰ ਹੈ, ਉਥੇ ਹੀ ਕਣਕ ਦੀ ਚੁਕਾਈ ਬਹੁਤ ਹੀ ਸੁਸਤ ਹੈ ਜਿਸ ਕਾਰਨ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੂਰੇ ਪੰਜਾਬ ਵਿੱਚ ਆੜ੍ਹਤ ਦੀਆਂ ਦੁਕਾਨਾਂ ’ਤੇ ਕਣਕ ਦੀ ਭਰਾਈ, ਤੁਲਾਈ ਤੇ ਸਫ਼ਾਈ ਦਾ ਕੰਮ ਜ਼ਿਆਦਾਤਰ ਪਰਵਾਸੀ ਮਜ਼ਦੂਰ ਕਰਦੇ ਹਨ। ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰ ਵੀ ਵਿਹਲੇ ਬੈਠ ਹਨ। ਮਜ਼ਦੂਰ ਆਗੂਆਂ ਭੁਪਿੰਦਰ ਚੌਪਾਲ, ਨੌਸ਼ਾਦ, ਇਜ਼ਰਾਈਲ ਖਾਂ ਤੇ ਹਰੇ ਰਾਮ ਨੇ ਕਿਹਾ ਕਿ ਉਨ੍ਹਾਂ ਨੇ ਕੰਨਾਂ ਨੂੰ ਹੱਥ ਲਾ ਲਏ ਹਨ ਕਿ ਅਗਲੀ ਵਾਰ ਇੱਥੇ ਕਣਕ ਅਤੇ ਝੋਨੇ ਦੇ ਸੀਜ਼ਨ ਦੌਰਾਨ ਨਹੀਂ ਆਉਂਦੇ, ਕਿਉਂਕਿ ਜੋ ਕਮਾਇਆ ਸੀ ਉਹ ਇੱਥੇ ਹੀ ਖਰਚੇ ਹਨ। ਦੂਜੇ ਪਾਸੇ ਆੜ੍ਹਤੀਆਂ ਨੇ ਦੱਸਿਆ ਕਿ ਚੁਕਾਈ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਨੂੰ ਬਹੁਤੇ ਖਰੀਦ ਕੇਂਦਰਾਂ ’ਚ ਸਿਉਂਕ ਲੱਗ ਚੁੱਕੀ ਹੈ। ਇਸ ਤੋਂ ਇਲਾਵਾ ਕਣਕ ਦੀ ਕਟੌਤੀ ਪੈ ਰਹੀ ਹੈ। ਆੜ੍ਹਤੀ ਆਗੂਆਂ ਨੇ ਦੱਸਿਆ ਕਿ 72 ਘੰਟਿਆਂ ਤੋਂ ਬਾਅਦ ਕਣਕ ਦੀ ਘੱਟ ਹੋਣ ਸਬੰਧੀ ਆੜ੍ਹਤੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਪਰ ਖਰੀਦ ਏਜੰਸੀਆਂ ਧੱਕੇ ਨਾਲ ਆੜ੍ਹਤੀਆਂ ਤੋਂ ਕਟੌਤੀ ਮੰਗ ਰਹੀਆਂ ਹਨ। ਆੜ੍ਹਤੀਆਂ ਨੇ ਕਿਹਾ ਕਿ ਓਨੇ ਪੈਸੇ ਆੜ੍ਹਤ ਦੇ ਨਹੀਂ ਬਣਦੇ, ਜਿੰਨੀ ਕਟੌਤੀ ਵਸੂਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆੜ੍ਹਤ 2.50 ਰੁਪਏ ਪ੍ਰਤੀ ਸੈਂਕੜਾ ਦੀ ਬਜਾਏ ਦੋ ਰੁਪਏ ਸੈਂਕੜਾ ਤੋਂ ਵੀ ਘੱਟ ਦਿੱਤੀ ਜਾ ਰਹੀ ਹੈ ਅਤੇ ਜ਼ਿੰਮੇਵਾਰੀ ਇਸ ਨਾਲੋਂ ਕਿਤੇ ਵੱਧ ਹੈ। ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਸਿੰਘ ਸੰਧੂ ਦਾ ਕਹਿਣਾ ਹੈ ਕਿ ਪਹਿਲੀ ਮਈ ਤੱਕ ਲਹਿਰਾਗਾਗਾ ਤੇ ਨੇੜਲੇ 27 ਖਰੀਦ ਕੇਂਦਰਾਂ ਵਿੱਚ 9 ਲੱਖ 41 ਹਜ਼ਾਰ 540 ਕੁਇੰਟਲ ਕਣਕ ਆ ਚੁੱਕੀ ਹੈ ਜਿਸ ’ਚੋਂ 5 ਲੱਖ 80 ਹਜ਼ਾਰ 300 ਕੁਇੰਟਲ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਈ ਸਾਲਾਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇੱਕ ਹਫਤੇ ਦੇ ਅੰਦਰ ਸਾਰੀ ਕਣਕ ਕਟਾਈ ਹੋ ਕੇ ਮੰਡੀਆਂ ਵਿੱਚ ਪਹੁੰਚ ਗਈ ਜਿਸ ਕਾਰਨ ਹੀ ਕਣਕ ਦੀ ਲਿਫਟਿੰਗ ਵਿੱਚ ਕੁਝ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਚਾਰ ਦਿਨਾਂ ’ਚ ਕਣਕ ਦੀ ਚੁਕਾਈ ਹੋ ਜਾਵੇਗੀ। ਪਨਗ੍ਰੇਨ ਦੇ ਇੰਚਾਰਜ ਗਗਨਦੀਪ ਬਾਂਸਲ ਨੇ ਦੱਸਿਆ ਕਿ ਕਣਕ ਦੀ ਆਮਦ ਇੱਕ ਹਫ਼ਤੇ ਵਿੱਚ ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਲਿਫਟਿੰਗ ਬੇਸ਼ੱਕ ਪੂਰੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਪਰ ਇਕਦਮ ਕਣਕ ਆਉਣ ਕਾਰਨ ਬੋਰੀਆਂ ਅਜੇ ਵੀ ਮੰਡੀਆਂ ਵਿੱਚ ਪਈਆਂ ਹਨ। ਇਸ ਤੋਂ ਇਲਾਵਾ ਟਰੱਕਾਂ ਵਿੱਚ ਕਣਕ ਲੱਦਣ ਲਈ ਆੜ੍ਹਤੀਆਂ ਕੋਲ ਮਜ਼ਦੂਰਾਂ ਦੀ ਘਾਟ ਹੈ। ਦੂਜੇ ਪਾਸੇ ਗੁਦਾਮਾਂ ਵਿੱਚ ਅਨਲੋਡ ਕਰਨ ਲਈ ਵੀ ਲੋੜੀਂਦੇ ਮਜ਼ਦੂਰ ਨਹੀਂ ਹਨ।Advertisement