ਹੋਟਲ ’ਚ ਵਿਚਲੇ ਜੂਏ ਦੇ ਅੱਡੇ ’ਤੇ ਛਾਪਾ; 32 ਗ੍ਰਿਫ਼ਤਾਰ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 13 ਮਈ
ਇੱਥੋਂ ਦੇ ਇੱਕ ਹੋਟਲ ਵਿੱਚ ਚੱਲਦੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਪੁਲੀਸ ਨੇ 11 ਲੱਖ 95 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਛਾਪੇ ਦੌਰਾਨ ਪੁਲੀਸ ਨੇ ਲੁਧਿਆਣਾ ਅਤੇ ਜਲੰਧਰ ਦੇ ਕਈ ਕਾਰੋਬਾਰੀਆਂ ਸਮੇਤ 32 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਹੋਟਲ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਰਾਹਾ ਥਾਣੇ ਵਿੱਚ ਦਰਜ ਕੀਤੀ ਗਈ ਐੱਫਆਈਆਰ ਵਿੱਚ ਜੂਆ ਐਕਟ ਤੋਂ ਇਲਾਵਾ ਗੈਰ-ਜ਼ਮਾਨਤੀ ਧਾਰਾਵਾਂ ਵੀ ਲਾਈਆਂ ਗਈਆਂ ਹਨ। ਉਨ੍ਹਾਂ ’ਤੇ ਧੋਖਾਧੜੀ ਦਾ ਵੀ ਦੋਸ਼ ਹੈ ਕਿ ਇਹ ਲੋਕ ਆਮ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਦੁੱਗਣੇ ਜਾਂ ਤਿਗੁਣੇ ਕਰਨ ਦਾ ਵਾਅਦਾ ਕਰ ਕੇ ਜੂਆ ਖੇਡਣ ਲਈ ਭਰਮਾਉਂਦੇ ਸਨ। ਜਾਣਕਾਰੀ ਅਨੁਸਾਰ ਜਦੋਂ ਪੁਲੀਸ ਫਸਟ ਏਡ ਪੋਸਟ ਦੋਰਾਹਾ ਨੇੜੇ ਮੌਜੂਦ ਸੀ ਤਾਂ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਜੀਟੀ ਰੋਡ ’ਤੇ ਸਥਿਤ 3 ਜੇ ਹੋਟਲ ਦੇ ਬੈਂਕੁਇਟ ਹਾਲ ਵਿੱਚ ਛਾਪਾ ਮਾਰਿਆ ਗਿਆ ਜਿੱਥੇ 32 ਜੂਏਬਾਜ਼ ਫੜੇ ਗਏ। ਉਹ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਸਨ। ਪੁਲੀਸ ਨੇ ਹੋਟਲ ਮਾਲਕ ਵਰਿੰਦਰਜੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਰਿੰਦਰ ਬੇਦੀ ਸੰਨੀ ਵਾਸੀ ਸ਼ਿਵਪੁਰੀ (ਲੁਧਿਆਣਾ), ਸੁਰਜੀਤ ਸਿੰਘ ਪੰਮਾ ਵਾਸੀ ਲੁਧਿਆਣਾ, ਹਰਮੀਤ ਸਿੰਘ ਰਿਸਪੀ ਵਾਸੀ ਹੈਬੋਵਾਲ ਕਲਾਂ, ਸਤੀਸ਼ ਕੁਮਾਰ ਐੱਸਕੇ ਵਾਸੀ ਜਮਾਲਪੁਰ, ਸੁਨੀਲ ਕੁਮਾਰ ਬਿੱਟੂ ਵਾਸੀ ਲੁਧਿਆਣਾ, ਹਰਸਿਮਰਨ ਸਿੰਘ ਰੋਕੀ ਵਾਸੀ ਲੁਧਿਆਣਾ, ਹਰਕੀਰਤ ਸਿਘ ਸੋਨੂੰ ਵਾਸੀ ਸੁਭਾਸ਼ ਬਾਜ਼ਾਰ ਲੁਧਿਆਣਾ, ਸਾਹਿਲ ਭਾਟੀਆ ਹੈਬੋਵਾਲ ਕਲਾਂ, ਵਿਵੇਕ ਕੁਮਾਰ ਉਰਫ਼ ਮਨੂੰ ਝੰਗ ਵਾਸੀ ਕੋਚਰ ਮਾਰਕੀਟ ਲੁਧਿਆਣਾ, ਸਾਹਿਲ ਅਹੂਜਾ ਵਾਸੀ ਜਵਾਹਰ ਨਗਰ ਕੈਂਪ, ਜੱਗਾ ਸਿੰਘ ਵਾਸੀ ਚੁਪਕੀ ਡੇਹਲੋਂ, ਵਿੱਕੀ ਪਾਹਵਾ ਵਾਸੀ ਅਬੋਹਰ, ਚੰਦ ਕੁਮਾਰ ਵਾਸੀ ਲੁਧਿਆਣਾ, ਸੰਦੀਪ ਕੁਮਾਰ ਬੱਬੂ ਵਾਸੀ ਜਲਾਲਾਬਾਦ, ਹੈਨਰੀ ਕੁਮਾਰ ਵਾਸੀ ਸ਼ਿਮਲਾਪੁਰੀ, ਪਰਮਿੰਦਰ ਕੁਮਾਰ ਪੰਮਾ ਵਾਸੀ ਹਰਗੋਬਿੰਦ ਨਗਰ, ਅਸ਼ਵਨੀ ਕੁਮਾਰ ਆਸ਼ੂ ਲੁਧਿਆਣਾ, ਕਮਲ ਕੁਮਾਰ ਭੋਗਲਾ ਬਠਿੰਡਾ, ਸੁੱਚਾ ਸਿੰਘ ਵਾਸੀ ਜਲੰਧਰ, ਹਰਮਿੰਦਰਪਾਲ ਸਿੰਘ ਸੈਬੀ ਵਾਸੀ ਜਲੰਧਰ, ਸੰਦੀਪ ਕੁਮਾਰ ਟਿੰਕੂ ਵਾਸੀ ਜਲੰਧਰ, ਅਰੁਣ ਸ਼ਰਮਾ ਗਗਨ ਵਾਸੀ ਜਲੰਧਰ, ਸੁਨੀਲ ਕੁਮਾਰ ਕਾਕਾ ਵਾਸੀ ਸੁਭਾਸ਼ ਨਗਰ ਜੋਧੇਵਾਲ, ਹਰੀ ਰਾਮ ਵਾਸੀ ਤਾਜਪੁਰ ਰੋਡ, ਸਿਧਾਰਥ ਉਰਫ਼ ਇੰਦੀ, ਸੁਜਲ ਮਹਿਰਾ ਵਾਸੀ ਲੁਧਿਆਣਾ, ਗੁਰਪ੍ਰੀਤ ਸਿੰਘ ਸ਼ੰਟੀ ਵਾਸੀ ਜਮਾਲਪੁਰ, ਦਵਿੰਦਰ ਕੁਮਾਰ ਦੀਪੂ ਵਾਸੀ ਆਦਮਪੁਰ, ਨਾਈਕਲ ਵਾਸੀ ਹੈਬੋਵਾਲ ਕਲਾਂ ਤੇ ਬਲਦੇਵ ਕ੍ਰਿਸ਼ਨ ਬਿੰਦੀ ਵਾਸੀ ਲੁਧਿਆਣਾ ਵਜੋਂ ਹੋਈ ਹੈ।