ਹੈਰੋਇਨ ਸਮੇਤ ਅੱਠ ਵਿਅਕਤੀ ਗ੍ਰਿਫ਼ਤਾਰ
ਲੁਧਿਆਣਾ, 3 ਮਾਰਚ
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲੀਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦੁੱਗਰੀ ਦੇ ਥਾਣੇਦਾਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸਾਹਿਲ ਸੂਦ ਵਾਸੀ ਸਨੀ ਐਨਕਲੇਵ ਖਰੜ, ਕੁੰਤਲ ਸਚਦੇਵਾ ਵਾਸੀ ਮੁਹੱਲਾ ਬਾਬਾ ਨੰਦ ਸਿੰਘ ਨਗਰ ਫ਼ੇਜ਼- 2 ਦੁੱਗਰੀ ਅਤੇ ਜਸਕਰਨ ਸਿੰਘ ਉਰਫ਼ ਰਿੱਕੀ ਵਾਸੀ ਗਲਾਡਾ ਹਾਈਟਸ ਫ਼ੇਜ਼- 2 ਦੁੱਗਰੀ ਨੂੰ ਨੇੜੇ ਪੈਟਰੋਲ ਪੰਪ, ਸ਼ਹੀਦ ਭਗਤ ਸਿੰਘ ਨਗਰ, ਧਾਂਦਰਾ ਰੋਡ ’ਤੇ ਬਣ ਰਹੇ ਪੁਲ ਵਾਲੀ ਸਾਈਡ ਤੋਂ ਕਾਰ ਬਲੀਨੋ ਵਿੱਚ ਆਉਂਦਿਆਂ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲੀਸ ਨੇ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ। ਥਾਣਾ ਸਾਹਨੇਵਾਲ ਦੇ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਜਸਕਰਨ ਮੰਡੇਰ ਉਰਫ਼ ਜੱਸੀ ਵਾਸੀ ਮੁਹੱਲਾ ਹੀਰੋ ਸੁਮਨ ਨਗਰ ਪਿੰਡ ਲੁਹਾਰਾ ਨੂੰ ਸੁਨੀਤਾ ਨਰਸਿੰਗ ਹੋਮ ਦੀ ਬੈਕ ਸਾਈਡ ਖਾਲੀ ਪਲਾਟ ਦੀ ਨੁੱਕਰ ਪਿੰਡ ਜਸਪਾਲ ਬਾਂਗਰ ਤੋਂ ਕਾਬੂ ਕਰ ਕੇ ਉਸ ਪਾਸੋਂ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇੱਕ ਹੋਰ ਮਾਮਲੇ ਵਿੱਚ ਥਾਣਾ ਲਾਢੋਵਾਲ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਨਾਨਕ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀਆਨ ਪਿੰਡ ਤਲਵੰਡੀ ਨੌਆਬਾਦ ਨੂੰ ਪਿੰਡ ਸਲੇਮਪੁਰ ਤੋਂ ਲਾਡੋਵਾਲ ਰੋਡ ਵੱਲ ਟੀ-ਪੁਆਇੰਟ ਪਾਸ ਮੋਟਰਸਾਈਕਲ ਪਲਟੀਨਾ ਕੋਲ ਖੜ੍ਹਿਆਂ ਸ਼ੱਕ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਨਾਨਕ ਸਿੰਘ ਅਤੇ ਸੁਖਵਿੰਦਰ ਸਿੰਘ ਪਾਸੋਂ 110 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਡਿਵੀਜ਼ਨ ਨੰਬਰ 5 ਦੇ ਥਾਣੇਦਾਰ ਜਸਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਰਾਜ ਕੁਮਾਰ ਉਰਫ਼ ਰਿੰਕੂ ਅਤੇ ਕ੍ਰਿਸ਼ਨ ਕੁਮਾਰ ਉਰਫ਼ ਕਰਨ ਵਾਸੀਆਨ ਜਵਾਹਰ ਨਗਰ ਕੈਂਪ ਨੂੰ ਨਵੀਂ ਕਚਹਿਰੀ ਦੀ ਬੈਕ ਸਾਈਡ ਪੀਰਾਂ ਦੀ ਦਰਗਾਹ ਵੱਲੋਂ ਪੈਦਲ ਆਉਂਦਿਆਂ ਕਾਬੂ ਕਰ ਕੇ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।