ਹਿੰਦੂ ਜਥੇਬੰਦੀਆਂ ਵੱਲੋਂ ਵਕਫ਼ ਸੋਧ ਬਿੱਲ ਦੇ ਹੱਕ ’ਚ ਪ੍ਰਦਰਸ਼ਨ
ਮਨਧੀਰ ਦਿਓਲ
ਨਵੀਂ ਦਿੱਲੀ, 30 ਮਾਰਚ
ਹਿੰਦੂ ਜਥੇਬੰਦੀਆਂ ਨੇ ਅੱਜ ਵਕਫ਼ ਸੋਧ ਬਿੱਲ ਦੇ ਹੱਕ ਵਿੱਚ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨ ਵਿੱਚ ਆਬਾਦੀ ਹੱਲ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਅਨਿਲ ਚੌਧਰੀ, ਪਿੰਕੀ ਭਾਈ, ਭੋਜ ਕੁਮਾਰ, ਦੀਪਕ ਸ਼ਰਮਾ, ਮਮਤਾ ਸਹਿਗਲ, ਸੰਜੂ ਬਾਬਾ ਆਦਿ ਹਾਜ਼ਰ ਸਨ।
ਨਰਾਤਿਆਂ ਦੇ ਪਹਿਲੇ ਦਿਨ ਪਹਿਲੀ ਵਾਰ ਹਿੰਦੂ ਸੰਗਠਨ ਇਸ ਦੇ ਸਮਰਥਨ ਵਿੱਚ ਸੜਕਾਂ ’ਤੇ ਉਤਰੇ ਹਨ। ਜੰਤਰ-ਮੰਤਰ ’ਤੇ ਮਹਾਪੰਚਾਇਤ ਵਿੱਚ ਵੱਖ-ਵੱਖ ਹਿੰਦੂ ਸੰਗਠਨਾਂ ਨੇ ਵਕਫ਼ ਸੋਧ ਬਿੱਲ ਦਾ ਸਮਰਥਨ ਕੀਤਾ।
ਸੰਗਠਨ ਦੇ ਕਾਰਕੁਨਾਂ ਵੱਲੋਂ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਵਕਫ਼ ਬੋਰਡ ਖ਼ਿਲਾਫ਼ ਨਾਅਰੇ ਲਿਖੇ ਹੋਏ ਸਨ। ਧਰਨਾਕਾਰੀਆਂ ਵੱਲੋਂ ਵਕਫ਼ ਬੋਰਡ ਨੂੰ ਕਥਿਤ ਭੂ-ਮਾਫੀਆ ਕ਼ਰਾਰ ਦਿੱਤਾ ਗਿਆ। ਵਕਫ਼ ਸੋਧ ਬਿੱਲ ਨੂੰ ਮੰਗਲਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਵਿਰੋਧੀ ਪਾਰਟੀਆਂ ਦੇ ਕੁਝ ਸੁਝਾਵਾਂ ਨੂੰ ਸ਼ਾਮਲ ਕਰਨ ਮਗਰੋਂ ਸਰਕਾਰ ਨੇ ਵਕਫ਼ ਬਿੱਲ ਵਿੱਚ ਸੋਧਾਂ ਸਬੰਧੀ ਸਾਂਝੀ ਸੰਸਦੀ ਕਮੇਟੀ ਵੱਲੋਂ ਦਿੱਤੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ ਹੈ। ਇਸ ਆਧਾਰ ’ਤੇ ਸਰਕਾਰ ਵਕਫ਼ ਬਿੱਲ ਨੂੰ ਈਦ ਤੋਂ ਬਾਅਦ ਮੰਗਲਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕਰ ਸਕਦੀ ਹੈ।
ਕੋਸ਼ਿਸ਼ ਹੋਵੇਗੀ ਕਿ ਇਸ ਸੈਸ਼ਨ ਵਿੱਚ ਬਿੱਲ ਨੂੰ ਘੱਟੋ-ਘੱਟ ਇੱਕ ਸਦਨ ਤੋਂ ਪਾਸ ਕਰਵਾਇਆ ਜਾਵੇ। ਵਕਫ਼ ਸੋਧ ਬਿੱਲ ਅਗਸਤ 2024 ਵਿੱਚ ਜੇਪੀਸੀ ਨੂੰ ਭੇਜਿਆ ਗਿਆ ਸੀ।