ਮੌਨਸੂਨ ਤੋਂ ਪਹਿਲਾਂ ਦਿੱਲੀ ਦੀਆਂ ਸੜਕਾਂ ਟੋਏ ਮੁਕਤ ਹੋਣਗੀਆਂ: ਮੁੱਖ ਮੰਤਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਮੁੱਖ ਮੰਤਰੀ ਰੇਖਾ ਗੁਪਤਾ ਨੇ ਭਰੋਸਾ ਦਿਵਾਇਆ ਹੈ ਕਿ ਮੌਨਸੂਨ ਤੋਂ ਪਹਿਲਾਂ ਦਿੱਲੀ ਦੀਆਂ ਸੜਕਾਂ ਟੋਇਆਂ ਤੋਂ ਮੁਕਤ ਹੋ ਜਾਣਗੀਆਂ। ਉਨ੍ਹਾਂ ਅਧਿਕਾਰੀਆਂ ਨੂੰ ਜਨਤਕ ਸਹੂਲਤ ਨੂੰ ਤਰਜੀਹ ਦੇਣ ਅਤੇ ਮੁਰੰਮਤ ਦੌਰਾਨ ਉੱਚੇ ਮਿਆਰਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮਧੂਬਨ ਚੌਕ ਤੋਂ ਮੁਕਰਬਾ ਚੌਕ ਤੱਕ ਆਊਟਰ ਰਿੰਗ ਰੋਡ ’ਤੇ ਸੜਕ ਦੀ ਮੁਰੰਮਤ ਦੇ ਕੰਮ ਦਾ ਅੱਧੀ ਰਾਤ ਨੂੰ ਨਿਰੀਖਣ ਕਰਨ ਤੋਂ ਬਾਅਦ ਗੁਪਤਾ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਮੁੁੱਖ ਮੰਤਰੀ ਨੇ ਮੌਨਸੂਨ ਤੋਂ ਪਹਿਲਾਂ ਦਿੱਲੀ ਦੀਆਂ ਸੜਕਾਂ ਨੂੰ ਟੋਏ ਮੁਕਤ ਕਰਨ ਲਈ ਆਪਣੀ ਵਚਨਬੱਧਤਾ ਜ਼ਾਹਰ ਕੀਤੀ ਅਤੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਲੋਕ ਨਿਰਮਾਣ ਵਿਭਾਗ ਉੱਤਰੀ ਜ਼ੋਨ ਇਸ ਪ੍ਰਾਜੈਕਟ ਦੀ ਨਿਗਰਾਨੀ ਕਰ ਰਿਹਾ ਹੈ ਜੋ ਐਲੀਵੇਟਿਡ ਕੋਰੀਡੋਰ ਦੇ ਨਾਲ-ਨਾਲ ਬਾਹਰੀ ਰਿੰਗ ਰੋਡ ਦੇ ਦੋਵੇਂ ਪਾਸਿਆਂ ਨੂੰ ਮਜ਼ਬੂਤ ਕਰੇਗਾ। ਦਿੱਲੀ ਸਰਕਾਰ ਸੜਕਾਂ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਮਧੂਬਨ ਚੌਕ ਤੋਂ ਮੁਕਰਬਾ ਚੌਕ ਤੱਕ 4 ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 12.85 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਵਿੱਚ ਟਿਕਾਊ ਲਈ ਕੋਲਡ ਮਿਲਿੰਗ ਅਤੇ ਗਰਮ ਰੀਸਾਈਕਲਿੰਗ ਦੀ ਵਿਧੀ ਅਪਣਾਈ ਗਈ ਹੈ। ਰਾਤ ਦੇ ਸਮੇਂ ਦਿੱਖ ਨੂੰ ਬਿਹਤਰ ਬਣਾਉਣ ਲਈ ਥਰਮੋਪਲਾਸਟਿਕ ਪੇਂਟ, ਗਲੋ ਸਟੱਡਸ ਅਤੇ ਵਿਚਕਾਰ ਮਾਰਕਰ ਸ਼ਾਮਲ ਹਨ। ਇਸ ਤੋਂ ਇਲਾਵਾ ਐਲੀਵੇਟਿਡ ਫਲਾਈਓਵਰ ਦੇ ਨੇੜੇ 50 ਮਿਲੀਮੀਟਰ ਮੋਟੀ ਪੱਥਰ ਦੀ ਪਰਤ ਰੱਖੀ ਜਾ ਰਹੀ ਹੈ।