ਭਾਜਪਾ ਵੱਲੋਂ ਵਿਜੈ ਚੌਕ ਤੇ ਰੇਲ ਭਵਨ ਕਰਾਸਿੰਗ ’ਤੇ ਮੁਜ਼ਾਹਰੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਦਿੱਲੀ ਭਾਜਪਾ ਨੇ ਵਕਫ਼ (ਸੋਧ) ਬਿੱਲ ਪ੍ਰਤੀ ਸਮਰਥਨ ਜ਼ਾਹਰ ਕਰਨ ਲਈ ਅੱਜ ਇੱਥੇ ਵਿਜੈ ਚੌਕ ਅਤੇ ਰੇਲ ਭਵਨ ਕਰਾਸਿੰਗ ’ਤੇ ਪ੍ਰਦਰਸ਼ਨ ਕੀਤਾ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਭਾਜਪਾ ਦੇ ਮੈਂਬਰਾਂ ਨੇ ‘ਵਕਫ਼ ਬਿੱਲ ਵਿੱਚ ਪਛੜੇ ਮੁਸਲਮਾਨਾਂ ਲਈ ਹਿੱਸਾ ਯਕੀਨੀ ਬਣਾਉਣ ਲਈ ਧੰਨਵਾਦ’, ‘ਮੋਦੀ, ਤੁਹਾਡਾ ਧੰਨਵਾਦ’ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਸੂਬਾ ਪ੍ਰਧਾਨ ਸਚਦੇਵਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਲ ਦਾ ਉਦੇਸ਼ ਗ਼ਰੀਬ ਮੁਸਲਮਾਨਾਂ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਇਹ ਉਨ੍ਹਾਂ ਲੋਕਾਂ ਨੂੰ ਕਾਨੂੰਨੀ ਸਮਰਥਨ ਦੇਵੇਗਾ, ਜਿਨ੍ਹਾਂ ਦੇ ਹੱਕਾਂ ਨੂੰ ਗ਼ਲਤ ਤਰੀਕੇ ਨਾਲ ਖੋਹ ਲਿਆ ਗਿਆ ਹੈ। ਪ੍ਰਦਰਸ਼ਨ ਦੌਰਾਨ ਇਸ ਇਲਾਕੇ ਵਿੱਚ ਕੁਝ ਦੇਰ ਲਈ ਆਵਾਜਾਈ ਵੀ ਜਾਮ ਹੋਈ। ਬਿੱਲ ਦਾ ਵਿਰੋਧ ਕਰਨ ਵਾਲਿਆਂ ’ਤੇ ਉਨ੍ਹਾਂ ਪੁੱਛਿਆ ਕਿ ਉਹ ਭਾਈਚਾਰੇ ਦੀ ਭਲਾਈ ਲਈ ਕੀਤੇ ਗਏ ਯਤਨਾਂ ਦੇ ਵਿਰੁੱਧ ਕਿਉਂ ਹਨ। ਵਕਫ਼ ਬੋਰਡਾਂ ਨੂੰ ਚਲਾਉਣ ਵਾਲੇ ਕਾਨੂੰਨ ਵਿੱਚ ਸੋਧ ਕਰਨ ਵਾਲਾ ਬਿੱਲ 1995 ਦੇ ਵਕਫ਼ ਐਕਟ ਵਿੱਚ ਦੂਰਗਾਮੀ ਤਬਦੀਲੀਆਂ ਦਾ ਮਤਾ ਲੈ ਕੇ ਆਇਆ ਹੈ ਜਿਸ ਵਿੱਚ ਅਜਿਹੀਆਂ ਸੰਸਥਾਵਾਂ ਵਿੱਚ ਮੁਸਲਿਮ ਔਰਤਾਂ ਅਤੇ ਗ਼ੈਰ-ਮੁਸਲਮਾਨਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਬਿੱਲ ਮੌਜੂਦਾ ਕਾਨੂੰਨ ਦੀ ਧਾਰਾ 40 ਨੂੰ ਹਟਾਉਣ ਉਪਰਾਲਾ ਇਸ ਬਿੱਲ ਵਿੱਚ ਹੈ ਜੋ ਬੋਰਡ ਦੀਆਂ ਸ਼ਕਤੀਆਂ ਨਾਲ ਸਬੰਧਤ ਹੈ ਕਿ ਕੀ ਕੋਈ ਜਾਇਦਾਦ ਵਕਫ ਜਾਇਦਾਦ ਹੈ ਜਾਂ ਨਹੀਂ। ਇਹ ਕੇਂਦਰੀ ਵਕਫ਼ ਕੌਂਸਲ ਅਤੇ ਰਾਜ ਵਕਫ਼ ਬੋਰਡਾਂ ਨੂੰ ਵੱਖਰਾ ਰੂਪ ਦਿੰਦਾ ਹੈ। ਇਹ ਮੁਸਲਮਾਨਾਂ ਵਿੱਚ ਸ਼ੀਆ, ਸੁੰਨੀ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੀ ਪ੍ਰਤੀਨਿਧਤਾ ਕਰਦਾ ਹੈ। ਵਕਫ਼ (ਸੋਧ) ਬਿੱਲ ਐਕਟ ਦਾ ਨਾਮ ਬਦਲ ਕੇ ਯੂਨੀਫਾਈਡ ਵਕਫ਼ ਪ੍ਰਬੰਧਨ, ਸਸ਼ਕਤੀਕਰਨ, ਕੁਸ਼ਲਤਾ ਅਤੇ ਵਿਕਾਸ ਐਕਟ, 1995 ਰੱਖਣ ਦੀ ਵੀ ਕੋਸ਼ਿਸ਼ ਹੈ।