ਦਵਾਰਕਾ ਦੇ ਗੈਰੇਜ ਨੂੰ ਅੱਗ, 11 ਕਾਰਾਂ ਸੜ ਕੇ ਸੁਆਹ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਦਵਾਰਕਾ ਖੇਤਰ ਵਿੱਚ ਧੂਲ ਸਿਰਾਸ ਸਥਿਤ ਇੱਕ ਗੈਰੇਜ ਤੋਂ ਸਵੇਰੇ 2.58 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਐਮਰਜੈਂਸੀ ਦੇ ਹਾਲਤਾਂ ਵਿੱਚ ਅੱਗ ‘ਤੇ ਕਾਬੂ ਪਾਉਣ ਲਈ ਕੁੱਲ ਨੌਂ ਫਾਇਰ ਟੈਂਡਰ ਸਾਈਟ ’ਤੇ ਰਵਾਨਾ ਕੀਤੇ ਗਏ ਅਤੇ ਸਖ਼ਤ ਮਸ਼ੱਕਤ ਮਗਰੋਂ ਅੱਗ ਉਪਰ ਕਾਬੂ ਪਾਇਆ ਗਿਆ।
ਇਸ ਘਟਨਾ ਵਿੱਚ ਬੁੱਧਵਾਰ ਸਵੇਰੇ ਦਿੱਲੀ ਦੇ ਦਵਾਰਕਾ ਵਿੱਚ ਅੱਗ ਲੱਗਣ ਕਾਰਨ 11 ਕਾਰਾਂ ਸੜ ਗਈਆਂ। ਅਧਿਕਾਰੀ ਅਨੁਸਾਰ ਇਹ ਘਟਨਾ ਸੈਕਟਰ 24 ਵਿੱਚ ਵਾਪਰੀ ਅਤੇ ਅੱਗ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਵਾਰਕਾ ਖੇਤਰ ਦੇ ਧੂਲ ਸਿਰਾਸ ਦੇ ਇੱਕ ਗੈਰਾਜ ਵਿੱਚ ਸਵੇਰੇ 2.58 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਅੱਗ ‘ਤੇ ਕਾਬੂ ਪਾਉਣ ਲਈ ਕੁੱਲ ਨੌਂ ਫਾਇਰ ਟੈਂਡਰ ਭੇਜੇ ਗਏ ਸਨ ਅਤੇ ਅੱਗ ਬੁਝਾਉਣ ਦਾ ਕੰਮ ਸਵੇਰੇ 4.05 ਵਜੇ ਤੱਕ ਜਾਰੀ ਰਿਹਾ। ਅਧਿਕਾਰੀ ਨੇ ਦੱਸਿਆ ਕਿ ਅੱਗ ਨਾਲ ਕੁਝ ਸਪੇਅਰ ਪਾਰਟਸ ਸਣੇ 11 ਕਾਰਾਂ ਸੜ ਗਈਆਂ।
ਗੁਰੂਗ੍ਰਾਮ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ
ਗੁਰੂਗ੍ਰਾਮ ਵਿੱਚ ਅੱਜ ਸਰਸਵਤੀ ਐਨਕਲੇਵ ਵਿੱਚ ਇੱਕ ਵੇਅਰਹਾਊਸ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ 22 ਫਾਇਰ ਇੰਜਣਾਂ ਨੂੰ ਤਾਇਨਾਤ ਕੀਤਾ ਗਿਆ। ਸੈਕਟਰ-37 ਫਾਇਰ ਸਟੇਸ਼ਨ ਦੇ ਫਾਇਰ ਅਫਸਰ ਜੈ ਨਰਾਇਣ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ 11. 30 ਵਜੇ ਅੱਗ ਲੱਗੀ ਅਤੇ ਬੁੱਧਵਾਰ ਸਵੇਰ ਤੱਕ ਅੱਗ ਪੂਰੀ ਤਰ੍ਹਾਂ ਬੁਝ ਨਹੀਂ ਸਕੀ ਸੀ। ਨਰਾਇਣ ਨੇ ਕਿਹਾ ਕਿ ਅੱਗ ਸਬੰਧੀ ਵਿਭਾਗ ਨੂੰ ਮੰਗਲਵਾਰ ਰਾਤ 11.39 ਵਜੇ ਸੂਚਨਾ ਮਿਲੀ। ਅੱਗ ਬੁਝਾਉਣ ਲਈ ਗੁਰੂਗ੍ਰਾਮ, ਨੂਹ ਅਤੇ ਝੱਜਰ ਤੋਂ ਫਾਇਰ ਇੰਜਣਾਂ ਨੂੰ ਬੁਲਾਇਆ ਗਿਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।