ਹਸਪਤਾਲਾਂ ਦੀਆਂ ਘਾਟਾਂ ਛੇਤੀ ਪੂਰੀਆਂ ਕਰਾਂਗੇ: ਸਿਹਤ ਮੰਤਰੀ
ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 6 ਫਰਵਰੀ
ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਓਐੱਸਡੀ ਉਂਕਾਰ ਸਿੰਘ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਵੀ ਮੌਜੂਦ ਸਨ। ਸਿਹਤ ਮੰਤਰੀ ਕਰੀਬ 40 ਮਿੰਟ ਹਸਪਤਾਲ ਅੰਦਰ ਰਹੇ ਪਰ ਹਸਪਤਾਲ ਦੇ ਨਿਰੀਖਣ ਸਮੇਂ ਪੱਤਰਕਾਰਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਸਮੇਤ ਹੋਰ ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਪੰਜ ਸਾਲਾਂ ‘ਚ ਪੰਜਾਬ ਅੰਦਰ ਸਭ ਘਾਟਾਂ ਦੂਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿਚ ਹਾਲੇ ਵੀ ਕਾਫੀ ਸੁਧਾਰ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਦਿਸ਼ਾ ਵਿੱਚ ਤਰਜੀਹੀ ਆਧਾਰ ‘ਤੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਸਿਵਲ ਹਸਪਤਾਲ ਅੰਦਰ ਸਟਾਫ ਦੀ ਘਾਟ, ਜ਼ਰੂਰੀ ਸਾਮਾਨ, ਇਮਾਰਤ ਦੀ ਮੁਰੰਮਤ ਸਮੇਤ ਸਾਰੀਆਂ ਘਾਟਾਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਕਿਹਾ ਕਿ ਜਲਦ ਹੀ ਸਾਰੀਆਂ ਘਾਟਾਂ ਨੂੰ ਪੂਰਾ ਕੀਤਾ ਜਾਵੇਗਾ। ਸਿਵਲ ਹਸਪਤਾਲ ਦੇ ਨਿਰੀਖਣ ਦੌਰਾਨ ਹਸਪਤਾਲ ਦੇ ਵਾਰਡ ਕੰਪਲੈਕਸ ਵਿਚ ਸਿਰਫ ਇਕ ਹੀ ਮਰੀਜ਼ ਦਾਖਲ ਮਿਲਿਆ, ਜਦਕਿ ਵਾਰਡ ਕੰਪਲੈਕਸ ਦੇ ਕਈ ਕਮਰਿਆਂ ਅੰਦਰ ਗੰਦਗੀ ਸੀ ਅਤੇ ਕਈ ਕਮਰਿਆਂ ਅੰਦਰ ਬੈੱਡਾਂ ਦੇ ਗੱਦੇ ਫਟੇ ਹੋਏ ਸਨ।
ਐੱਸਐੱਮਓ ਡਾ. ਸੰਗੀਤਾ ਜੈਨ ਨੇ ਕਿਹਾ ਕਿ ਡਾਕਟਰੀ ਅਮਲੇ ਦੀ ਘਾਟ ਤੇ ਹੋਰ ਘਾਟਾਂ ਬਾਰੇ ਸਿਹਤ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਵਾਰਡ ਕੰਪਲੈਕਸ ਵਿੱਚ ਗੰਦਗੀ ਤੇ ਗੱਦੇ ਫਟੇ ਹੋਣ ਬਾਰੇ ਕਿਹਾ ਕਿ ਹਾਲੇ ਇਹ ਕੰਪਲੈਕਸ ਠੇਕੇਦਾਰ ਵੱਲੋਂ ਮੁਰੰਮਤ ਉਪਰੰਤ ਸਪੁਰਦ ਨਹੀਂ ਕੀਤਾ ਗਿਆ ਅਤੇ ਐਮਰਜੈਂਸੀ ‘ਚ ਮੁਰੰਮਤ ਦਾ ਕੰਮ ਚੱਲਣ ਕਾਰਨ ਸਿਰਫ ਕੰਪਲੈਕਸ ਦੇ ਇਕ ਕਮਰੇ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ।