ਹਵਾਲਾ ਰਕਮ ਦੀ ਇੱਕ ਹੋਰ ਖੇਪ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਪਰੈਲ
ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਗੋਇੰਦਵਾਲ ਸਾਹਿਬ ਦੇ ਰਹਿਣ ਵਾਲੇ ਗੁਰਪਾਲ ਸਿੰਘ ਨਾਂਅ ਦੇ ਵਿਅਕਤੀ ਤੋਂ ਹਵਾਲਾ ਰਕਮ ਦੀ ਇੱਕ ਹੋਰ ਖੇਪ ਜ਼ਬਤ ਕੀਤੀ ਹੈ। ਪੁਲੀਸ ਦੇ ਸਪੈਸ਼ਲ ਸੈੱਲ ਨੇ ਉਸ ਕੋਲੋਂ 5000 ਅਮਰੀਕੀ ਡਾਲਰ ਅਤੇ 34 ਦਿਰਹਾਮ ਅਤੇ ਇੱਕ ਕਰੰਸੀ ਗਿਣਨ ਵਾਲੀ ਮਸ਼ੀਨ ਤੋਂ ਇਲਾਵਾ 91 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ। ਉਹ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ ਵਿੱਚ ਕੰਮ ਕਰਦਾ ਹੈ।
ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਤਿੰਨ ਦਿਨ ਪਹਿਲਾਂ 33 ਲੱਖ ਰੁਪਏ ਦੀ ਹਵਾਲਾ ਰਕਮ ਦੀ ਬਰਾਮਦਗੀ ਮਾਮਲੇ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਪੁਲੀਸ ਨੇ ਤਿੰਨ ਦਿਨ ਪਹਿਲਾ ਦੋ ਨਸ਼ਾ ਤਸਕਰਾਂ ਤੋਂ ਨਕਦੀ ਤੋਂ ਇਲਾਵਾ 500 ਗ੍ਰਾਮ ਹੈਰੋਇਨ, 9 ਐੱਮਐੱਮ ਗਲੋਕ ਪਿਸਤੌਲ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ ਸਨ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਗੁਰਪਾਲ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ ਅਤੇ ਪੁਲੀਸ ਨੇ 12 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ। ਉਸਦੇ ਘਰ 'ਤੇ ਜਾਂਚ ਵਾਸਤੇ ਛਾਪਾ ਮਾਰਿਆ ਗਿਆ ਜਿੱਥੇ ਪੁਲੀਸ ਨੂੰ ਇੱਕ ਬੈਡ ਵਿਚ ਖਾਸ ਤੌਰ 'ਤੇ ਬਣਾਏ ਗਏ ਵਿਸ਼ੇਸ਼ ਲੁਕਵੇ ਸਥਾਨ ਵਿੱਚ ਲੁਕਾਈ ਹੋਈ ਵੱਡੀ ਨਕਦੀ ਮਿਲੀ। ਉਸ ਤੋਂ ਕੁੱਲ 91 ਲੱਖ ਰੁਪਏ ਹਵਾਲਾ ਰਕਮ ਤੋਂ ਇਲਾਵਾ 5000 ਅਮਰੀਕੀ ਡਾਲਰ ਅਤੇ 34 ਦਿਰਹਮ ਜ਼ਬਤ ਕੀਤੇ ਗਏ। ਐੱਸਐੱਸਪੀ ਨੇ ਕਿਹਾ ਕਿ ਗੁਰਪਾਲ ਦੀ ਸਿੰਡੀਕੇਟ ਦੇ ਵਿੱਤੀ ਕਾਰਜਾਂ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਸਾਹਮਣੇ ਆਈ ਹੈ। ਪੁਲੀਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਨੂੰ ਸਮਰਥਨ ਦੇਣ ਵਾਲੇ ਪੂਰੇ ਗੱਠਜੋੜ ਨੂੰ ਬੇਨਕਾਬ ਕਰਨ ਅਤੇ ਖਤਮ ਕਰਨ ਲਈ ਹੋਰ ਜਾਂਚ ਕਰ ਰਹੀ ਹੈ।