ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ
ਪੱਤਰ ਪ੍ਰੇਰਕ
ਤਰਨ ਤਾਰਨ, 27 ਅਪਰੈਲ
ਪਿੰਡ ਗੋਹਲਵੜ੍ਹ ਦੇ ਵਾਸੀ ਸਲਵੰਤ ਸਿੰਘ ਨਾਲ ਉਸ ਦੇ ਲੜਕੇ ਨੂੰ ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 6.25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਥਾਣਾ ਦੇ ਏਐੱਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਦਵਿੰਦਰ ਸਿੰਘ ਵਾਸੀ ਥੋਥੀਆਂ (ਖਿਲਚੀਆਂ) ਅਤੇ ਦਵਿੰਦਰ ਸਿੰਘ ਵਾਸੀ ਨਾਗੋਕੇ (ਵੈਰੋਵਾਲ) ਦੇ ਨਾਮ ਸ਼ਾਮਲ ਹਨ| ਠੱਗੀ ਤੋਂ ਪੀੜਤ ਵਿਅਕਤੀ ਸਲਵੰਤ ਸਿੰਘ ਨੇ ਦੱਸਿਆ ਕਿ ਸਾਲ 2019 ਵਿੱਚ ਉਸ ਦੇ ਦੂਰ ਨੇੜੇ ਦੇ ਰਿਸ਼ਤੇਦਾਰ ਮੁਲਜ਼ਮ ਦਵਿੰਦਰ ਸਿੰਘ ਵਾਸੀ ਨਾਗੋਕੇ ਨੇ ਆਪਣੇ ਸਾਥੀ ਦਵਿੰਦਰ ਸਿੰਘ ਵਾਸੀ ਥੋਥੀਆਂ ਨਾਲ ਮਿਲ ਕੇ ਉਸਦੇ ਲੜਕੇ ਨੂੰ ਨਗਰ ਨਿਗਮ ਅੰਮ੍ਰਿਤਸਰ ਵਿੱਚ ਪੱਕੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਇਹ ਰਕਮ ਲਈ ਸੀ| ਇਸ ਦੌਰਾਨ ਮੁਲਜ਼ਮਾਂ ਨੇ ਉਸ ਨੂੰ ਨੌਕਰੀ ਦਾ ਝੂਠਾ ਪੱਤਰ ਵੀ ਦਿੱਤਾ| ਆਖਰ ਸਲਵੰਤ ਸਿੰਘ ਨੇ ਇਸ ਸਬੰਧੀ ਜ਼ਿਲ੍ਹਾ ਪੁਲੀਸ ਨੂੰ ਸ਼ਿਕਾਇਤ ਕੀਤੀ ਜਿਸ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀ ਦਫ਼ਾ 420, 120- ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਨੇ ਦੱਸਿਆ ਕਿ ਮੁਲਜ਼ਮ ਫ਼ਰਾਰ ਚੱਲ ਰਹੇ ਹਨ|