ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ
ਪੱਤਰ ਪ੍ਰੇਰਕ
ਤਰਨ ਤਾਰਨ, 27 ਅਪਰੈਲ
ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਬਟੋਰਨ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਛੇ ਜਾਅਲਸਾਜ਼ ਟਰੈਵਲ ਏਜੰਟਾਂ ਵੱਲੋਂ ਲੋਕਾਂ ਨਾਲ 40 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ| ਜਾਣਕਾਰੀ ਅਨੁਸਾਰ ਚੋਹਲਾ ਸਾਹਿਬ ਇਲਾਕੇ ਦੇ ਪਿੰਡ ਪੱਖੋਪੁਰ ਦੀ ਵਸਨੀਕ ਸੰਤੋਸ਼ ਕੁਮਾਰੀ ਦੇ ਲੜਕੇ ਰਾਹੁਲ ਸ਼ਰਮਾ ਨੂੰ ਯੂ ਕੇ (ਇੰਗਲੈਂਡ) ਭੇਜਣ ਦੇ ਨਾਂ ’ਤੇ 24 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ| ਮੁਲਜ਼ਮਾਂ ਵਿੱਚ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਨੇੜੇ ਇਮੀਗ੍ਰੇਸ਼ਨ ਸੈਂਟਰ ਚਲਾ ਰਹੇ ਕ੍ਰਿਤਿਕਾ ਸ਼ਰਮਾ ਅਤੇ ਉਸਦੇ ਲੜਕਾ ਆਕਾਸ਼ ਕਾਲੀਆ ਦੇ ਨਾਂ ਸ਼ਾਮਲ ਹਨ| ਇਸ ਸਬੰਧੀ ਚੋਹਲਾ ਸਾਹਿਬ ਦੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 420, 120 ਅਧੀਨ ਕੇਸ ਦਰਜ ਕੀਤਾ ਹੈ|
ਇਸੇ ਤਰ੍ਹਾਂ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਭੋਜੀਆਂ ਦੇ ਨੌਜਵਾਨ ਕੇਵਲ ਸਿੰਘ ਨਾਲ ਤਰਨ ਤਾਰਨ ਦੀ ਜੰਡਿਆਲਾ ਰੋਡ ’ਤੇ ਕੰਮ ਕਰਦੇ ਓਵਰਸੀਜ਼ ਇਮੀਗ੍ਰੇਸ਼ਨ ਦੇ ਸੰਚਾਲਕ ਸੰਜੀਵ ਕੁਮਾਰ ਅਤੇ ਸੂਰਜ ਸਿੰਘ ਵਾਸੀ ਭਿੱਖੀਵਿੰਡ ਵੱਲੋਂ 8 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ| ਕੇਵਲ ਸਿੰਘ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਮੁਲਜ਼ਮਾਂ ਨੇ ਉਸ ਦੇ ਲੜਕੇ ਹਰਪ੍ਰੀਤ ਸਿੰਘ ਨੂੰ ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦਿੱਤਾ ਸੀ| ਪੁਲੀਸ ਨੇ ਮਾਮਲੇ ਦੀ ਜਾਂਚ ਕਰ ਕੇ ਥਾਣਾ ਝਬਾਲ ਵਿੱਚ ਬੀ ਐੱਨ ਐੱਸ ਦੀ ਦਫ਼ਾ 318 (4) ਤੇ 81 (2) ਅਧੀਨ ਕੇਸ ਦਰਜ ਕੀਤਾ ਹੈ|
ਇੱਕ ਹੋਰ ਮਾਮਲੇ ਵਿੱਚ ਇਲਾਕੇ ਦੇ ਪਿੰਡ ਵੈਰੋਵਾਲ ਬਾਵਿਆਂ ਦੇ ਵਾਸੀ ਹਰਪ੍ਰੀਤ ਸਿੰਘ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ 8.25 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ| ਇਸ ਸਬੰਧੀ ਟਰੈਵਲ ਏਜੰਟ ਵਿਜੇ ਸਿੰਘ ਵਾਸੀ ਠੱਠਾ (ਪੱਟੀ) ਅਤੇ ਰਾਜ ਸਿੰਘ ਵਾਸੀ ਆਸਲ ਭੂਰੇ ਖਿਲਾਫ਼ ਵੈਰੋਵਾਲ ਪੁਲੀਸ ਨੇ ਬੀ ਐੱਨ ਐੱਸ ਦੀ ਦਫ਼ਾ 318 (4) ਅਤੇ 61 (2) ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ|
ਵਿਦੇਸ਼ ਭੇਜਣ ਦਾ ਝਾਂਸਾ; ਤਿੰਨ ਖ਼ਿਲਾਫ਼ ਕੇਸ ਦਰਜ
ਫਗਵਾੜਾ (ਪੱਤਰ ਪ੍ਰੇਰਕ): ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਤਨਾਮਪੁਰਾ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਹਰਪ੍ਰੀਤ ਕੌਰ ਪਤਨੀ ਨਿਰਮਲ ਕੌਰ ਵਾਸੀ ਡਾ. ਅੰਬੇਡਕਰ ਚੌਕ ਹਦੀਆਬਾਦ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੇ ਭਰਾ ਗਗਨਦੀਪ ਕੁਮਾਰ ਨੂੰ ਨਿਊਜ਼ੀਲੈਂਡ ਭੇਜਣ ਦੇ ਨਾਮ ’ਤੇ 7 ਲੱਖ 90 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਸਬੰਧ ’ਚ ਪੁਲੀਸ ਨੇ ਦੀਪਕ ਕੁਮਾਰ ਵਾਸੀ ਹਦੀਆਬਾਦ, ਹਰਜਿੰਦਰ ਮੱਲ ਉਰਫ਼ ਰੋਹਿਤ ਵਾਸੀ ਪਿੰਡ ਰਹਿਪਾ ਤੇ ਪੰਕਜ ਕੁਮਾਰ ਵਾਸੀ ਰਾਜਪੁਰਾ ਖਿਲਾਫ਼ ਕੇਸ ਦਰਜ ਕੀਤਾ ਹੈ।Advertisement