ਗੋਲੀ ਮਾਰਨ ਵਾਲੇ ਖ਼ਿਲਾਫ਼ ਕੇਸ ਦਰਜ
ਤਰਨ ਤਾਰਨ: ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੰਨਣ ਦੇ ਵਾਸੀ ਜਸਨਪ੍ਰੀਤ ਸਿੰਘ ’ਤੇ ਕਰੀਬ ਹਫ਼ਤਾ ਪਹਿਲਾਂ ਗੋਲੀ ਚਲਾਉਣ ਵਾਲੇ ਉਸ ਦੇ ਆਪਣੇ ਹੀ ਪਿੰਡ ਦੇ ਵਾਸੀ ਸਰਵਣ ਸਿੰਘ ਫੌਜੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਵਾਰਦਾਤ ਵਿੱਚ ਜਸਕਰਨ ਸਿੰਘ ਦਾ ਵਾਲ-ਵਾਲ ਬਚਾਅ ਰਿਹਾ| ਥਾਣਾ ਦੇ ਏ ਐੱਸ ਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ 20 ਅਪਰੈਲ ਦੀ ਰਾਤ ਨੂੰ ਪਿੰਡ ਵਾਸੀ ਆਪਣੇ ਦੋਸਤ ਗੁਰਨਿਵਾਜ ਸਿੰਘ ਨਾਲ ਉਸ ਦੇ ਘਰ ਦੇ ਬਾਹਰ ਗੱਲਬਾਤ ਕਰ ਰਿਹਾ ਸੀ ਕਿ ਮੌਕੇ ’ਤੇ ਮੁਲਜ਼ਮ ਸਰਵਣ ਸਿੰਘ ਫੌਜੀ ਕਾਰ ’ਤੇ ਆਇਆ ਅਤੇ ਉਸ ਨੂੰ ਮੰਦਾ ਬੋਲਣ ਉਪਰੰਤ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਉਸ ਵੱਲ ਤਿੰਨ ਗੋਲੀਆਂ ਚਲਾ ਦਿੱਤੀਆਂ| ਜਸ਼ਨਪ੍ਰੀਤ ਸਿੰਘ ਅਤੇ ਗੁਰਨਿਵਾਜ਼ ਸਿੰਘ ਨੇ ਦੌੜ ਕੇ ਆਪਣੀ ਜਾਨ ਬਚਾਈ| ਇਸ ਸਬੰਧੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 125, 351 (2), 351 (3) ਅਤੇ ਅਸਲਾ ਐਕਟ ਦੀ ਦਫ਼ਾ 25, 54, 59 ਅਧੀਨ ਕੇਸ ਦਰਜ ਕਰ ਲਿਆ ਹੈ| ਮੁਲਜ਼ਮ ਫ਼ਰਾਰ ਹੈ ਅਤੇ ਪੁਲੀਸ ਨੇ ਉਸਨੂੰ ਕਾਬੂ ਕਰਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ| -ਪੱਤਰ ਪ੍ਰੇਰਕ