ਹਵਾਈ ਹਮਲੇ ਤੋਂ ਬਚਣ ਲਈ ਮੌਕ ਡਰਿੱਲ
ਹਰਜੀਤ ਸਿੰਘ ਪਰਮਾਰ
ਬਟਾਲਾ, 7 ਮਈ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਦੀਆਂ ਹਦਾਇਤਾਂ ਤਹਿਤ ਬਟਾਲਾ ਵਿੱਚ ਹਵਾਈ ਹਮਲੇ ਸਮੇਂ ਆਪਣੇ-ਆਪ ਨੂੰ ਸੁਰੱਖਿਤ ਰੱਖਣ ਦੇ ਅਭਿਆਸ ਲਈ ਮੌਕ ਡਰਿੱਲ ਕੀਤੀ ਗਈ।
ਇਸ ਦੌਰਾਨ ਪਹਿਲਾਂ ਇੱਕ ਸਾਇਰਨ ਵਜਾਇਆ ਗਿਆ ਜਿਸ ਤੋਂ ਬਾਅਦ ਇਹ ਅਭਿਆਸ ਸ਼ੁਰੂ ਹੋਇਆ। ਇਸ ਅਭਿਆਸ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਨੀਰਜ ਸ਼ਰਮਾ ਫਾਇਰ ਬਿਰਗੇਡ ਅਫਸਰ, ਐਨ.ਸੀ.ਸੀ ਦੇ ਕਮਾਂਡੈਂਟ ਵੀਚਾਰ ਮਾਗੋ, ਹਰਦੀਪ ਸਿੰਘ ਬਾਜਵਾ ਡਿਪਟੀ ਚੀਫ ਵਾਰਡਨ, ਸੁਪਰਡੈਂਟ ਦਵਿੰਦਰ ਸਿੰਘ ਅਤੇ ਹਰਬਖ਼ਸ਼ ਸਿੰਘ ਨੇ ਸਮੂਹ ਲੋਕਾਂ ਨੂੰ ਇਨਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਗੁਰਦਾਸਪੁਰ ਅਤੇ ਬਟਾਲਾ ਸ਼ਹਿਰਾਂ ਵਿੱਚ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਲੈਕ ਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ ਬੰਦ ਰਹੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਇਸ ਤੋਂ ਇਲਾਵਾ ਹਨੇਰਾ ਹੋਣ ’ਤੇ ਚਲਦੀ ਸੀਸੀਟੀਵੀ ਕੈਮਰਿਆਂ ਦੀ ਲਾਈਟ ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕੀ ਆਵਾਜਾਈ ਤੋਂ ਵੀ ਪ੍ਰਹੇਜ਼ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਘਬਰਾਉਣ ਦੀ ਲੋੜ ਨਹੀਂ ਹੈ, ਇਹ ਸਿਰਫ਼ ਇੱਕ ਅਭਿਆਸ ਹੈ। ਉਨ੍ਹਾਂ ਲੋਕਾਂ ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।