ਹਲਕਾ ਭੋਆ ਦੇ 18 ਪਿੰਡਾਂ ਦੇ ਸਰਪੰਚ ‘ਆਪ’ ਵਿੱਚ ਸ਼ਾਮਲ
ਐੱਨਪੀ ਧਵਨ
ਪਠਾਨਕੋਟ, 15 ਅਪਰੈਲ
ਭੋਆ ਵਿਧਾਨ ਸਭਾ ਹਲਕੇ ’ਚ ਅੱਜ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੂੰ ਉਸ ਵੇਲੇ ਝਟਕਾ ਲੱਗਾ ਜਦ 18 ਪਿੰਡਾਂ ਦੇ ਸਰਪੰਚਾਂ ਨੇ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਇਹ ਸਿਆਸੀ ਧਮਾਕਾ ਉਸ ਵੇਲੇ ਹੋਇਆ ਜਦ ਅਗਲੇ ਮਹੀਨੇ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਣ ਵਾਲੀਆਂ ਹਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ਼ਾਮਲ ਹੋਣ ਵਾਲੇ ਇਨ੍ਹਾਂ ਸਰਪੰਚਾਂ, ਪੰਚਾਂ, ਸਮਿਤੀ ਮੈਂਬਰਾਂ ਅਤੇ ਨੰਬਰਦਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਅੱਜ ਤੋਂ ਉਹ ਸਾਰੇ ਰਲ-ਮਿਲ ਕੇ ਪਿੰਡਾਂ ਦੇ ਵਿਕਾਸ ਲਈ ਕੰਮ ਕਰਨਗੇ। ਉਨ੍ਹਾਂ ਸਰਪੰਚਾਂ ਨੂੰ ਇਹ ਵੀ ਕਿਹਾ ਕਿ ਉਹ ਆਪੋ-ਆਪਣੇ ਪਿੰਡਾਂ ਦਾ ਖਾਕਾ ਤੇ ਰੋਡ ਮੈਪ ਤਿਆਰ ਕਰਨ। ਜਿਹੜੇ ਕੰਮ ਪਹਿਲ ਦੇ ਆਧਾਰ ’ਤੇ ਹੋਣ ਵਾਲੇ ਹਨ, ਉਨ੍ਹਾਂ ਦੀ ਲਿਸਟ ਤਿਆਰ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਹਫਤੇ ਵੀ 3-4 ਪਿੰਡਾਂ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈਆਂ ਸਨ ਅਤੇ ਲੋਕ ਉਨ੍ਹਾਂ ਦੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਧੜਾਧੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਜੋ ਸਰਪੰਚ ਪਾਰਟੀ ਵਿੱਚ ਸ਼ਾਮਲ ਹੋਏ ਉਨ੍ਹਾਂ ਵਿੱਚ ਕਿੱਲਪੁਰ ਦੀ ਸ਼ਿਮਲਾ ਦੇਵੀ, ਚੰਡੀਗੜ੍ਹ ਦੇ ਵੀਰ ਕਰਨ, ਭੀਮਪੁਰ ਦੇ ਅਭੀਨੰਦਨ, ਗਾਜੀ ਬਾੜਮਾ ਦੀ ਸੰਧਿਆ ਦੇਵੀ, ਐਮਾ ਗੁੱਜਰਾਂ ਕਪਿਲ ਠਾਕੁਰ, ਸ਼ੇਖੂਚੱਕ ਦੀ ਅੰਜੂ ਬਾਲਾ, ਕਾਸ਼ੀ ਬਾੜਮਾ ਦੀ ਤ੍ਰਿਪਤਾ ਦੇਵੀ, ਸ਼ਹੀਦਪੁਰ ਦੇ ਪ੍ਰਵੀਨ, ਭਰਿਆਲ ਦੀ ਬੀਨਾ ਦੇਵੀ, ਲਸਿਆਨ ਦੀ ਰਜਨੀ ਦੇਵੀ, ਰਤੜਮਾ ਦੇ ਮਹਿੰਦਰ ਸਿੰਘ, ਚੱਕ ਧਾਰੀਵਾਲ ਦੀ ਜੋਤੀ, ਆਦਮ ਬਾੜਮਾ ਦੀ ਸਵਰਨਾ ਦੇਵੀ, ਜਨਿਆਲ ਦੇ ਮਨਾਰੀ ਲਾਲ, ਮੁੱਠੀ ਦੀ ਸੀਮਾ ਦੇਵੀ, ਸਮਰਾਲਾ ਦੇ ਰਾਕੇਸ਼ ਸੈਣੀ, ਮਨਵਾਲ ਦੇ ਸਾਬਕਾ ਸਰਪੰਚ ਫਕੀਰ ਚੰਦ, ਮੁੱਠੀ ਦੇ ਸਮਿਤੀ ਮੈਂਬਰ ਨਰੇਸ਼ ਕੁਮਾਰ ਤੇ ਨੰਬਰਦਾਰ ਸੁਰਜੀਤ ਸਿੰਘ ਪ੍ਰਮੁੱਖ ਹਨ।