ਐਕਸ਼ਨ ਕਮੇਟੀ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਮੁਜ਼ਾਹਰਾ
ਗੁਰਦਾਸਪੁਰ, 3 ਮਈ
ਥਾਣਾ ਕਾਹਨੂੰਵਾਨ ਅਧੀਨ ਪਿੰਡ ਜਾਗੋਵਾਲ ਬਾਂਗਰ ਦੇ ਮਜ਼ਦੂਰ ਅਤੇ ਮੁਲਾਜ਼ਮ ਆਗੂਆਂ ’ਤੇ ਦਰਜ ਕੀਤੇ ਪਰਚਿਆਂ ਨੂੰ ਝੂਠਾ ਦੱਸਦਿਆਂ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਪਰਚੇ ਰੱਦ ਕਰਵਾਉਣ ਲਈ ਐੱਸਐੱਸਪੀ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਐਕਸ਼ਨ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਰੰਧਾਵਾ ਅਤੇ ਸਰਪੰਚ ਤਰਨਜੀਤ ਕੌਰ ਜਾਗੋਵਾਲ ਨੇ ਦੱਸਿਆ ਕਿ ਪਿੰਡ ਵਿੱਚ ਪੈਂਦੇ ਪੰਚਾਇਤੀ ਥਾਂ ’ਤੇ ‘ਆਪ’ ਆਗੂਆਂ ਨੂੰ ਕਬਜ਼ਾ ਕਰਨ ਤੋਂ ਰੋਕਣ ਦੀ ਰੰਜਸ਼ ਤਹਿਤ ਪਿੰਡ ਦੇ ਪੰਚ ਅਤੇ ਅਧਿਆਪਕ ਆਗੂ ਸਣੇ ਛੇ ਜਣਿਆਂ ਖ਼ਿਲਾਫ਼ ਦਿੱਤੇ ਪਰਚੇ ਦਾ ਵਿਰੋਧ ਕਰਨ ਲਈ ਅੱਜ ਐੱਸਐੱਸਪੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਲਬੀਰ ਸਿੰਘ ਰੰਧਾਵਾ, ਚਰਨਜੀਤ ਸਿੰਘ ਲੱਖੋਵਾਲ, ਸੀਨੀਅਰ ਕਾਂਗਰਸੀ ਆਗੂ ਕੁਲਵੰਤ ਸਿੰਘ ਭੈਣੀ ਖਾਦਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਮੇਜਰ ਸਿੰਘ, ਕਿਰਤੀ ਕਿਸਾਨ ਯੂਨੀਅਨ ਅਨੋਖ ਸਿੰਘ, ਐਲੀਮੈਂਟਰੀ ਟੀਚਰ ਯੂਨੀਅਨ ਅਸ਼ਵਨੀ ਫੱਜੂਪੁਰ, ਗੌਰਮਿੰਟ ਟੀਚਰ ਯੂਨੀਅਨ ਕੁਲਦੀਪ ਸਿੰਘ ਪੁਰੇਵਾਲ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਰਾਜੂ ਔਲਖ, ਪੀਡਬਲਿਊਡੀ ਫ਼ੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਨੇਕ ਰਾਜ, ਪ੍ਰੇਮ ਚੰਦ, ਬੀਐੱਲਓ ਯੂਨੀਅਨ ਸਰਬਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਸਵਿੰਦਰ ਸਿੰਘ ਕਥਾਵਾਚਕ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨੈਲ ਸਿੰਘ ਲਾਧੂਪੁਰ ਸਮੇਤ ਇਨਸਾਫ਼ ਪਸੰਦ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਆਗੂਆਂ ਨੇ ਪੁਲੀਸ ਪ੍ਰਸ਼ਾਸਨ ਅੱਗੇ ਮੰਗ ਰੱਖੀ ਕਿ ਥਾਣਾ ਕਾਹਨੂੰਵਾਨ ਵਿੱਚ ਸਿਆਸੀ ਰੰਜ਼ਿਸ਼ ਤਹਿਤ ਮਜ਼ਦੂਰ ਅਤੇ ਮੁਲਾਜ਼ਮਾਂ ਆਗੂਆਂ ਖ਼ਿਲਾਫ਼ ਦਰਜ ਕੀਤੇ ਗਏ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਮੰਗ ਪੱਤਰ ਪ੍ਰਾਪਤ ਕਰਨ ਆਏ ਡੀਐੱਸਪੀ ਮੋਹਨ ਸਿੰਘ ਨੂੰ ਐਕਸ਼ਨ ਕਮੇਟੀ ਦੇ ਆਗੂਆਂ ਨੇ ਅਲਟੀਮੇਟਮ ਦਿੱਤਾ ਕਿ ਇਸ ਮਾਮਲੇ ’ਤੇ ਢੁੱਕਵੀਂ ਕਰਵਾਈ ਕਰਕੇ ਸੱਤ ਮਈ ਤੱਕ ਕੋਈ ਫ਼ੈਸਲਾ ਨਾ ਲਿਆ ਗਿਆ ਤਾਂ 12 ਵੱਖ ਵੱਖ ਯੂਨੀਅਨਾਂ ਦੀ ਬਣੀ ਐਕਸ਼ਨ ਕਮੇਟੀ ਹੋਰ ਜਥੇਬੰਦੀਆਂ ਅਤੇ ਪਾਰਟੀਆਂ ਨੂੰ ਨਾਲ ਲੈ ਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਭੱਟੀਆਂ, ਠੇਕੇਦਾਰ ਭੁਪਿੰਦਰ ਸਿੰਘ ਗੁਨੋਪੁਰ, ਮਨਜਿੰਦਰ ਸਿੰਘ ਪ੍ਰਧਾਨ, ਸਰਪੰਚ ਮਨਜਿੰਦਰ ਸਿੰਘ ਰਾਜੂਬੇਲਾ, ਸਤਨਾਮ ਸਿੰਘ, ਮਾਸਟਰ ਕਰਨੈਲ ਸਿੰਘ ਚਿੱਟੀ, ਮਨਦੀਪ ਸਿੰਘ ਸਰਪੰਚ ਸਲਾਹਪੁਰ ਬੇਟ, ਬਲਬੀਰ ਸਿੰਘ ਸਰਪੰਚ ਮੌਚਪੁਰ, ਮਾਨ ਸਿੰਘ, ਰਣਜੀਤ ਸਿੰਘ ਮਾਨੀ ਭੱਟੀਆਂ, ਮੰਗਲ ਸਿੰਘ ਕੂੰਟ, ਕਰਮ ਸਿੰਘ ਸੈਦੋਵਾਲ, ਸਰਪੰਚ ਸਤਨਾਮ ਸਿੰਘ ਸੋਨੀ ਫੇਰੋਚੇਚੀ, ਗੁਰਨਾਮ ਸਿੰਘ ਮੁਲਾਂਵਾਲ, ਧਰਮਵੀਰ ਸਮੇਤ ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਹਾਜ਼ਰ ਸਨ।