ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜਣ ਦੇ ਦੋਸ਼ ਹੇਠ ਦੋ ਗ੍ਰਿਫਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਮਈ
ਭਾਰਤ ਪਾਕਿਸਤਾਨ ਸਰਹੱਦ ਉੱਤੇ ਪੈਦਾ ਹੋਏ ਤਣਾਅ ਦਰਮਿਆਨ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਸਰਹੱਦੀ ਪੱਟੀ ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਭਾਰਤੀ ਫੌਜ, ਬੀਐਸਐਫ, ਪੁਲੀਸ ਅਤੇ ਏਅਰ ਫੋਰਸ ਦੀ ਖੁਫ਼ੀਆ ਜਾਣਕਾਰੀ ਪਾਕਿਸਤਾਨ ਦੇ ਹੈਂਡਲਰ ਨਾਲ ਸਾਂਝੀਆਂ ਕਰਦੇ ਸਨ।
ਜਿਲ੍ਹਾ ਪੁਲੀਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਪੁਲੀਸ ਸਰਹੱਦੀ ਪੱਟੀ ਵਿੱਚ ਬਹੁਤ ਚੌਕਸੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਐਸਪੀ ਇਨਵੈਸਟੀਗੇਸ਼ਨ ਅਦਿਤਿਆ ਵਾਰੀਅਰ ਅਤੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਅਜਨਾਲਾ ਖੇਤਰ ਵਿੱਚੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਭਾਰਤੀ ਰੱਖਿਆ ਫੋਰਸਾਂ ਦੀ ਜਾਣਕਾਰੀ ਵਟਸ ਐਪ ਜ਼ਰੀਏ ਪਾਕਿਸਤਾਨ ਨੂੰ ਭੇਜਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਪਛਾਣ ਫਲਕ ਸ਼ੇਰ ਮਸੀਹ ਅਤੇ ਸੂਰਜ ਮਸੀਹ ਵਾਸੀ ਪਿੰਡ ਬੱਲੜਵਾਲ ਥਾਣਾ ਅਜਨਾਲਾ ਵੱਲੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਲ ਇੱਕ ਹੋਰ ਵਿਅਕਤੀ ਹਰਦੀਪ, ਜੋ ਕਿ ਪਹਿਲਾਂ ਹੀ ਐਨਡੀਪੀਐਸ ਐਕਟ ਅਧੀਨ ਜੇਲ੍ਹ ਵਿਚ ਹੈ, ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਕੇਸ ਵਿੱਚ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਸ਼ਾਮਿਲ ਕਰਦੇ ਹੋਏ ਆਫਿਸ਼ੀਅਲ ਸੀਕਰੇਟ ਐਕਟ ਅਤੇ ਇਨਫੋਰਮੇਸ਼ਨ ਟੈਕਨਾਲੋਜੀ ਐਕਟ ਅਧੀਨ ਕੇਸ ਦਰਜ ਕਰਕੇ ਇਨ੍ਹਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ।
ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨਾਂ ਦੀ ਮੁੱਢਲੀ ਜਾਂਚ ਅਤੇ ਗ੍ਰਿਫਤਾਰ ਦੋਸ਼ੀਆਂ ਕੋਲੋਂ ਹੋਈ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਭੇਜੀ ਗਈ ਜਾਣਕਾਰੀ ਦੇ ਬਦਲੇ ਪਾਕਿਸਤਾਨ ਵੱਲੋਂ ਪੈਸੇ ਭੇਜੇ ਜਾਂਦੇ ਸਨ ਅਤੇ ਜਾਣਕਾਰੀ ਦੇ ਪੱਧਰ ਦੇ ਅਧਾਰ ਉੱਤੇ ਰਕਮ ਤੈਅ ਹੁੰਦੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਇਨ੍ਹਾਂ ਦੋਵਾਂ ਵਿਅਕਤੀਆਂ ਤੋਂ ਇਲਾਵਾ ਹਰਦੀਪ ਨੂੰ ਵੀ ਪ੍ਰੋਡਕਸ਼ਨ ਵਾਰੰਟ ਉੱਤੇ ਲੈ ਕੇ ਪੁੱਛਗਿਛ ਕਰੇਗੀ ਤਾਂ ਜੋ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਅੰਮ੍ਰਿਤਸਰ ਪੁਲੀਸ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਸਰਹੱਦੀ ਪੱਟੀ ਵਿੱਚ ਕੋਈ ਗਲਤ ਕੰਮ ਜਾਂ ਸਾਜ਼ਿਸ਼ ਸਿਰੇ ਨਹੀਂ ਚੜਨ ਦੇਣਗੇ।