ਹਲਕਾ ਪੱਛਮੀ ਦੀ ਜ਼ਿਮਨੀ ਚੋਣ ‘ਆਪ’ ਲਈ ਵੱਕਾਰ ਦਾ ਸਵਾਲ ਬਣੀ
ਗਗਨਦੀਪ ਅਰੋੜਾ
ਲੁਧਿਆਣਾ, 1 ਅਪਰੈਲ
ਚੋਣ ਕਮਿਸ਼ਨ ਨੇ ਭਾਵੇਂ ਲੁਧਿਆਣਾ ਦੀ ਹਲਕਾ ਪੱਛਮੀ ਦੀ ਉਪ ਚੋਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ, ਪਰ ਇਸ ਦੇ ਬਾਵਜੂਦ ਲੁਧਿਆਣਾ ਵਿੱਚ ਮਾਹੌਲ ਭਖ ਗਿਆ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪਾਰਟੀ ਦੇ ਪ੍ਰਭਾਰੀ ਸਣੇ ਕੈਬਨਿਟ ਮੰਤਰੀ ਤੇ ਦੂਜੇ ਜ਼ਿਲ੍ਹਿਆਂ ਦੇ ਵਿਧਾਇਕਾਂ ਨੇ ਵੀ ਲੁਧਿਆਣਾ ਡੇਰੇ ਲਾਏ ਹੋਏ ਹਨ। ‘ਆਪ’ ਇਸ ਉੱਪ ਚੋਣ ਨੂੰ ਆਪਣੀ ਮੁੱਛ ਦਾ ਸਵਾਲ ਸਮਝ ਰਹੀ ਹੈ। ‘ਆਪ’ ਦਾ ਦਾਅਵਾ ਹੈ ਕਿ ਉਹ ਵਿਕਾਸ ਦੇ ਮੁੱਦੇ ’ਤੇ ਸੀਟ ਜਿੱਤੇਗੀ।
ਅਰਵਿੰਦ ਕੇਜਰੀਵਾਲ ਦੀ ਪੂਰੀ ਟੀਮ ਲੁਧਿਆਣਾ ਪੱਛਮੀ ਹਲਕੇ ਦੀ ਰਿਪੋਰਟ ’ਤੇ ਅਧਿਕਾਰੀਆਂ ਦੇ ਨਾਲ-ਨਾਲ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਫੀਡਬੈਕ ਲੈ ਰਹੀ ਹੈ। ਹੁਣ ਵੀ ‘ਆਪ’ ਦੇ ਰਾਸ਼ਟਰੀ ਕਨਵੀਨਰ, ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਇੰਚਾਰਜ, ਪੰਜਾਬ ਸਹਿ-ਇੰਚਾਰਜ, ਪੰਜਾਬ ਮੁਖੀ ਅਤੇ ਪੰਜਾਬ ਉਪ ਮੁਖੀ ਸਮੇਤ ਕਈ ਸੀਨੀਅਰ ਆਗੂ ਤਿੰਨ ਦਿਨਾਂ ਲਈ ਲੁਧਿਆਣਾ ਵਿੱਚ ਹਨ। ਜਿੱਥੇ ਮੰਗਲਵਾਰ ਨੂੰ ‘ਆਪ’ ਆਗੂਆਂ ਨੇ ਵਰਕਰ ਮੀਟਿੰਗ ਕੀਤੀ ਅਤੇ ਬੁੱਧਵਾਰ ਨੂੰ ‘ਆਪ’ ਵੱਲੋਂ ਹਲਕਾ ਪੱਛਮੀ ਦੇ ਘੁਮਾਰਮੰਡੀ ਇਲਾਕੇ ਵਿੱਚ ਨਸ਼ਿਆਂ ਵਿਰੁੱਧ ਰੈਲੀ ਕੀਤੀ ਜਾਏਗੀ ਅਤੇ ਵੀਰਵਾਰ ਨੂੰ ਗਿੱਲ ਰੋਡ ਦੇ ਆਈਆਈਟੀ ਕਾਲਜ ਵਿੱਚ ਵੀ ਇੱਕ ਸਮਾਗਮ ਕੀਤਾ ਜਾਏਗਾ। ‘ਆਪ’ ਲੀਡਰਸ਼ਿਪ ਦੇ ਆਉਣ ਤੋਂ ਪਹਿਲਾਂ ਰਾਜ ਸਭਾ ਮੈਂਬਰ ਅਤੇ ਪੱਛਮੀ ਹਲਕੇ ਤੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਮਾਗਮ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਹਲਕਾ ਪੱਛਮੀ ਵਿੱਚ ਤਿੰਨ ਦਿਨਾਂ ਤੱਕ ਰਾਜਨੀਤੀ ਸਬੰਧੀ ਬਹੁਤ ਸਾਰੀਆਂ ਗਤੀਵਿਧੀਆਂ ਹੋਣਗੀਆਂ। ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਦੋ ਦਿਨ ਲੁਧਿਆਣਾ ਵਿੱਚ ਰੁਕੇ ਸਨ ਅਤੇ ਪੱਛਮੀ ਹਲਕੇ ਦੇ ਕਈ ਇਲਾਕਿਆਂ ਵਿੱਚ ਮੀਟਿੰਗਾਂ ਕਰ ਰਹੇ ਸਨ।
‘ਆਪ’ ਨੇ ਇਸ ਸੀਟ ਨੂੰ ਵੱਕਾਰ ਦਾ ਸਵਾਲ ਬਣਾ ਦਿੱਤਾ ਹੈ ਜਦੋਂ ਕਿ ਕਾਂਗਰਸ ਇਸ ਸੀਟ ’ਤੇ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਰਗਰਮ ਹਨ। ਭਾਵੇਂ ਉਨ੍ਹਾਂ ਨੇ ਹਾਲੇ ਤੱਕ ਇਸ ਸੀਟ ਤੋਂ ਆਪਣੇ ‘ਆਪ’ ਨੂੰ ਉਮੀਦਵਾਰ ਵਜੋਂ ਐਲਾਨ ਨਹੀਂ ਕੀਤਾ ਹੈ, ਪਰ ਉਹ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਆਪਣਾ ਮੈਦਾਨ ਤਿਆਰ ਕਰ ਰਹੇ ਹਨ। ਇਸਦੇ ਨਾਲ ਹੀ ਆਸ਼ੂ ਦੇ ਸਮਰਥਨ ਵਿੱਚ ਸੀਨੀਅਰ ਕਾਂਗਰਸ ਲੀਡਰਸ਼ਿਪ ਵੀ ਲਗਾਤਾਰ ਪੁੱਜ ਰਹੀ ਹੈ। ਇਸ ਦੇ ਨਾਲ ਹੀ, ਭਾਜਪਾ ਵੀ ਪੱਛਮੀ ਹਲਕੇ ਵਿੱਚ ਉੱਪ ਚੋਣ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਦਿੱਖ ਰਹੀ ਹੈ। ਭਾਜਪਾ ਨੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਿਰੁੱਧ ਵੀ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ, ਭਾਜਪਾ ਦੇ ਸੀਨੀਅਰ ਆਗੂ ਵੀ ਉਪ ਚੋਣ ਦੀਆਂ ਤਿਆਰੀਆਂ ਵਿੱਚ ਲਗਾਤਾਰ ਲੱਗੇ ਹੋਏ ਹਨ। ਬੂਥ ਪੱਧਰ ’ਤੇ ਮੀਟਿੰਗਾਂ ਹੋ ਰਹੀਆਂ ਹਨ।