ਹਰਿਆਣਾ ਸਰਕਾਰ ਵੱਲੋਂ ਮਹਿੰਗਾਈ ਭੱਤੇ ’ਚ 2 ਫ਼ੀਸਦ ਦਾ ਵਾਧਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਪਰੈਲ
ਹਰਿਆਣਾ ਸਰਕਾਰ ਨੇ ਅੱਜ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ (ਡੀਏ) ’ਚ ਦੋ ਫ਼ੀਸਦ ਦਾ ਵਾਧਾ ਕਰ ਦਿੱਤਾ ਹੈ। ਹੁਣ ਸੂਬਾ ਸਰਕਾਰ ਨੇ ਡੀਏ ਨੂੰ 53 ਫੀਸਦ ਤੋਂ ਵਧਾ ਕੇ 55 ਫੀਸਦ ਕਰ ਦਿੱਤਾ ਹੈ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਲਿਖਤੀ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਨਵਾਂ ਮਹਿੰਗਾਈ ਭੱਤਾ ਪਹਿਲੀ ਜਨਵਰੀ 2025 ਤੋਂ ਲਾਗੂ ਹੋਵੇਗਾ। ਇਸ ਤੋਂ ਇਲਾਵਾ ਹਰਿਆਣਾ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਜਨਵਰੀ 2025 ਤੋਂ ਮਾਰਚ 2025 ਤੱਕ ਦੇ ਏਰੀਅਰ ਦਾ ਭੁਗਤਾਨ ਮਈ 2025 ਵਿੱਚ ਕੀਤਾ ਜਾਵੇਗਾ। ਹਰਿਆਣਾ ਦੇ ਕੁੱਲ 6 ਲੱਖ ਦੇ ਕਰੀਬ ਕਰਮਚਾਰੀ ਤੇ ਪੈਨਸ਼ਨਰਾਂ ਨੂੰ ਇਸ ਦਾ ਲਾਭ ਮਿਲੇਗਾ। ਇਸ ਵਿੱਚ ਤਿੰਨ ਲੱਖ ਕਰਮਚਾਰੀ ਤੇ ਤਿੰਨ ਲੱਖ ਦੇ ਕਰੀਬ ਪੈਨਸ਼ਨਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਇਸ ਤੋਂ ਪਹਿਲਾਂ ਸਾਲ 2024 ਵਿੱਚ ਮਹਿੰਗਾਈ ਭੱਤੇ (ਡੀਏ) ਵਿੱਚ ਤਿੰਨ ਫ਼ੀਸਦ ਦਾ ਵਾਧਾ ਕੀਤਾ ਸੀ। ਉਸ ਸਮੇਂ ਹਰਿਆਣਾ ਸਰਕਾਰ ਨੇ ਡੀਏ 50 ਫ਼ੀਸਦ ਤੋਂ ਵਧਾ ਕੇ 53 ਫ਼ੀਸਦ ਕੀਤਾ ਸੀ।