ਹਥਿਆਰਾਂ ਨਾਲ ਤਸਵੀਰ ਸਾਂਝੀ ਕਰਨ ’ਤੇ ਕੇਸ ਦਰਜ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 30 ਮਾਰਚ
ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਆਪਣੀ ਤਸਵੀਰ ਪਾਉਣਾ ਰਤੀਆ ਇਲਾਕੇ ਦੇ ਪਿੰਡ ਮੜ੍ਹ ਦੇ ਨੌਜਵਾਨ ਨੂੰ ਮਹਿੰਗਾ ਪੈ ਗਿਆ। ਪੁਲੀਸ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪਾਈ ਫੁਟੇਜ ਦੇ ਆਧਾਰ ’ਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨਾਗਪੁਰ ਪੁਲੀਸ ਚੌਕੀ ਦੇ ਇੰਚਾਰਜ ਗੋਪਾਲ ਦਾਸ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਨ ਤੋਂ ਬਾਅਦ ਗਠਿਤ ਪੁਲੀਸ ਟੀਮ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਨਾਗਪੁਰ ਪੁਲੀਸ ਚੌਕੀ ਇੰਚਾਰਜ ਗੋਪਾਲ ਦਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰੀ ਤੋਂ ਸੂਚਨਾ ਮਿਲੀ ਕਿ ਪਿੰਡ ਮੜ੍ਹ ਨਿਵਾਸੀ ਸਮਨਦੀਪ ਸਿੰਘ ਉਰਫ ਦੀਪ ਨੇ ਆਪਣੇ ਹੱਥਾਂ ਵਿਚ ਪਿਸਤੌਲ ਅਤੇ ਹੋਰ ਹਥਿਆਰ ਲੈ ਕੇ ਆਮ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਨੌਜਵਾਨ ਨੇ ਪਿਛਲੇ ਸਾਲ 3 ਦਸੰਬਰ, 12 ਦਸੰਬਰ, 24 ਦਸੰਬਰ ਅਤੇ 26 ਦਸੰਬਰ ਨੂੰ ਹਥਿਆਰਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸ਼ਿਕਾਇਤ ਕਰਤਾ ਨੇ ਕਿਹਾ ਕਿ ਸਮਨਦੀਪ ਸਿੰਘ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਕਈ ਲੋਕਾਂ ਨੇ ਲਾਈਕ ਕੀਤਾ ਹੋਇਆ ਹੈ।
ਚੌਕੀ ਇੰਚਾਰਜ ਅਨੁਸਾਰ ਸਮਨਦੀਪ ਉਰਫ ਦੀਪ ਨੇ ਹਥਿਆਰਾਂ ਨਾਲ ਸੋਸ਼ਲ ਮੀਡੀਆ ’ਤੇ ਤਸਵੀਰ ਪਾ ਕੇ ਆਰਮਜ਼ ਐਕਟ ਦੀ ਧਾਰਾ ਦਾ ਉਲੰਘਣ ਕੀਤਾ ਹੈ। ਸਦਰ ਥਾਣਾ ਪੁਲੀਸ ਨੇ ਇਸ ਸੂਚਨਾ ਦੇ ਆਧਾਰ ’ਤੇ ਸਮਨਦੀਪ ਸਿੰਘ ਉਰਫ ਦੀਪ ਖਿਲਾਫ਼ ਕੇਸ ਦਰਜ ਕੀਤਾ ਹੈ।