ਸੋਨੀ ਸਿਹੋੜਾ, ਅਰਫ ਡੋਡਾ ਤੇ ਬੌਬੀ ਪਟਿਆਲਾ ਨੇ ਜਿੱਤੀਆਂ ਝੰਡੀ ਦੀਆਂ ਕੁਸ਼ਤੀਆਂ
ਦੇਵਿੰਦਰ ਸਿੰਘ ਜੱਗੀ
ਪਾਇਲ, 30 ਮਾਰਚ
ਨੇੜਲੇ ਪਿੰਡ ਧਮੋਟ ਖੁਰਦ ਵਿੱਚ ਡੇਰਾ ਰਾਮਸਰ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਧਮੋਟ ਕਲਾਂ ਤੇ ਖੁਰਦ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਬਾਬਾ ਰਾਘੋ ਰਾਮ ਜੀ ਦੇ ਸਲਾਨਾ ਜੋੜ ਮੇਲੇ 'ਤੇ ਸਾਬਕਾ ਸਰਪੰਚ ਤੇ ਪ੍ਰਧਾਨ ਗੁਰਮੀਤ ਸਿੰਘ ਮੀਤਾ ਦੀ ਪ੍ਰਧਾਨਗੀ ਹੇਠ ਭਾਰੀ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਅਖਾੜਿਆ ਦੇ ਸੈਂਕੜੇ ਭਲਵਾਨਾਂ ਨੇ ਜੋਰ ਅਜ਼ਮਾਈ ਕੀਤੀ। ਝੰਡੀ ਦੀ ਕੁਸ਼ਤੀ ਦੀ ਹੱਥ ਜੋੜੀ ਕਰਵਾਉਣ ਦੀ ਰਸਮ ਮਹੰਤ ਬਾਬਾ ਬਲਵਿੰਦਰ ਦਾਸ, ਡੇਰਾ ਜੀਤਾਨੰਦ ਧਮੋਟ ਕਲਾਂ ਤੇ ਪ੍ਰਬੰਧਕ ਕਮੇਟੀ ਨੇ ਅਦਾ ਕੀਤੀ ਅਤੇ ਭਲਵਾਨਾਂ ਨੂੰ ਆਸ਼ੀਰਵਾਦ ਦਿੱਤਾ।
ਵੱਡੀ ਝੰਡੀ ਦੀ ਕੁਸ਼ਤੀ ਸਾਹਿਬਾਜ ਆਲਮਗੀਰ ਤੇ ਸੀਪਾ ਰਾਈਏਵਾਲ ਵਿੱਚਕਾਰ ਪੂਰੇ ਗਹਿਗੱਚ ਮੁਕਾਬਲੇ ਦੌਰਾਨ ਬਰਾਬਰ ਰਹੀ। ਦੂਜੀ ਝੰਡੀ ਦੀ ਕੁਸ਼ਤੀ ਨੂਰ ਆਲਮਗੀਰ ਤੇ ਸੁਭਮ ਰਾਈਏਵਾਲ ਵਿਚਕਾਰ ਬਰਾਬਰ ਰਹੀ। ਤੀਜੀ ਝੰਡੀ ਦੀ ਕੁਸ਼ਤੀ ਸੋਨੀ ਸਿਹੋੜਾ ਨੇ ਗੱਗੂ ਧਾਰਾਂ ਨੂੰ ਮਿੰਟੋ ਮਿੱਟੀ ਚਿੱਤ ਕਰਕੇ ਜਿੱਤੀ। ਚੌਥੀ ਝੰਡੀ ਦੀ ਕੁਸ਼ਤੀ ਬੌਬੀ ਪਟਿਆਲਾ ਨੇ ਰਣਜੀਤ ਊਧਾ ਨੂੰ ਅਤੇ ਪੰਜਵੀ ਝੰਡੀ ਦੀ ਕੁਸ਼ਤੀ ਆਰਫ ਡੋਡ ਨੇ ਯੁਵਰਾਜ ਆਲਮਗੀਰ ਨੂੰ ਹਰਾਕੇ ਜਿੱਤੀ।
ਇਸ ਦੰਗਲ ਮੇਲੇ ਨੂੰ ਨੇਪਰੇ ਚਾੜ੍ਹਨ ਲਈ ਪ੍ਰਧਾਨ ਗੁਰਮੀਤ ਸਿੰਘ, ਪ੍ਰਧਾਨ ਕੁਲਦੀਪ ਸਿੰਘ, ਪੰਚ ਕੁਲਦੀਪ ਸਿੰਘ, ਸੁਖਵੀਰ ਸਿੰਘ, ਹਰਪ੍ਰੀਤ ਸਿੰਘ, ਜਸਪਾਲ ਸਿੰਘ, ਰਵਿੰਦਰ ਸਿੰਘ, ਹਰਪ੍ਰੀਤ ਸਿੰਘ ਬਿੱਲਾ, ਮੋਹਣ ਸਿੰਘ ਵੱਲੋਂ ਵਧੇਰੇ ਸਹਿਯੋਗ ਦਿੱਤਾ ਗਿਆ। ਪਹਿਲਵਾਨਾਂ ਦੀ ਚਾਲ ਢਾਲ ਨੂੰ ਵੇਖਦੇ ਹੋਏ ਅੰਮ੍ਰਿਤਪਾਲ ਸਿੰਘ, ਹੈਰੀ ਰਾਈਏਵਾਲ, ਧਰਮਿੰਦਰ ਆਲਮਗੀਰ ਅਤੇ ਰਾਜੂ ਦੰਦਰਾਲਾ ਨੇ ਭਲਵਾਨਾਂ ਦੇ ਜੋੜ ਮਿਲਾਏ। ਡੇਰਾ ਰਾਮਸਰ ਕਮੇਟੀ ਵੱਲੋਂ ਅਗਲੇ ਵਰ੍ਹੇ ਦੀ ਝੰਡੀ ਦੀ ਕੁਸ਼ਤੀ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਦੀ ਐਲਾਨੀ ਗਈ।