ਜਗਰਾਉਂ ਟਰਮੀਨਲ ’ਚ ਬੱਸਾਂ ਨਾ ਜਾਣ ਤੋਂ ਪੈਦਾ ਵਿਵਾਦ ਵਿਧਾਇਕਾ ਦੇ ਯਤਨਾਂ ਨਾਲ ਹੱਲ
ਜਗਰਾਉਂ, 2 ਅਪਰੈਲ
ਇੱਥੇ ਲਾਲਾ ਲਾਜਪਤ ਰਾਏ ਯਾਦਗਾਰੀ ਬੱਸ ਟਰਮੀਨਲ ਵਿੱਚ ਨਿੱਜੀ ਅਤੇ ਲੰਮੇ ਰੂਟ ਵਾਲੀਆਂ ਬੱਸਾਂ ਦੇ ਦਾਖਲੇ ਨੂੰ ਲੈ ਕੇ ਪਿਆ ਰੇੜਕਾ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਮੋਹਰੀ ਫਰਜ਼ ਨਿਭਾਉਂਦਿਆਂ ਇੱਕ ਵਾਰ ਹੱਲ ਕਰ ਦਿੱਤਾ ਹੈ। ਤਤਕਾਲੀ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੇ ਇਲਾਕੇ ਦੇ ਲੋਕਾਂ ਦੀ ਮੰਗ ਪੂਰੀ ਕਰਦਿਆਂ ਦੇਸ਼ ਦੀ ਆਜ਼ਾਦੀ ਲਈ ਬਲੀਦਾਨ ਦੇਣ ਵਾਲੇ ਸ਼ਹੀਦ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਬੱਸ ਟਰਮੀਨਲ ਬਣਾ ਕੇ ਲੋਕਾਂ ਦੇ ਸਪੁਰਦ ਕੀਤਾ ਗਿਆ ਸੀ। ਇਸ ਦੇ ਬਾਵਜੂਦ ਬਹੁ-ਗਿਣਤੀ ਉੱਚ ਘਰਾਣਿਆਂ ਦੀਆਂ ਨਿੱਜੀ ਅਤੇ ਸਰਕਾਰੀ ਲੰਮੇ ਰੂਟਾਂ ਵਾਲੀਆਂ ਬੱਸਾਂ ਅੱਡੇ ਵਿੱਚ ਦਾਖਲ ਹੀ ਨਹੀਂ ਹੁੰਦੀਆਂ ਸਨ ਜਿਸ ਕਾਰਨ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬੱਸਾਂ ਦੇ ਅੱਡੇ ਵਿੱਚ ਦਾਖਲੇ ਸਬੰਧੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੇਂ-ਸਮੇਂ ਸਿਰ ਆਵਾਜ਼ ਬੁਲੰਦ ਕੀਤੀ ਗਈ, ਪਰ ਕੁੱਝ ਦਿਨ ਬੱਸਾਂ ਦੇ ਦਾਖਲੇ ਪ੍ਰਤੀ ਪੰਜਾਬ ਰੋਡਵੇਜ਼ ਦੇ ਅਧਿਕਾਰੀ ਸਖ਼ਤੀ ਕਰਦੇ ਤੇ ਫਿਰ ਓਹੀ ਹਾਲ ਸ਼ੁਰੂ ਹੋ ਜਾਂਦਾ ਰਿਹਾ ਹੈ। ਹੁਣ ਵੀ ਕਈ ਵਰ੍ਹਿਆਂ ਤੋਂ ਬੱਸਾਂ ਅੱਡੇ ਵਿੱਚ ਦਾਖਲ ਨਾ ਹੋਣ ਕਾਰਨ ਸਵਾਰੀਆਂ ਨੂੰ ਦਿੱਕਤਾਂ ਆ ਰਹੀਆਂ ਸਨ। ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਉਪਰ ਇਸ ਸਬੰਧ ਵਿੱਚ ਦੋ ਹਫ਼ਤੇ ਤੋਂ ਆਵਾਜ਼ ਉੱਠ ਰਹੀ ਸੀ। ਇਸ ਬਾਰੇ ਜਦੋਂ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਇਸ ਮੁੱਦੇ ਨੁੰ ਵਿਧਾਨ ਸਭਾ ਸੈਸ਼ਨ ਵਿੱਚ ਚੁੱਕਿਆ ਤਾਂ ਇੱਕ ਟੀਮ ਨੇ ਜਗਰਾਉਂ ਬੱਸ ਟਰਮੀਨਲ ਦਾ ਦੌਰਾ ਕੀਤਾ। ਰੋਡਵੇਜ਼ ਮੈਨੇਜਰ ਜਗਰਾਜ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਟੀਮ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ-ਸਮਝਿਆ ਅਤੇ ਮੌਕੇ ’ਤੇ ਹੱਲ ਕਰਦਿਆਂ ਜਗਰਾਉਂ ਆਉਣ ਵਾਲੀਆਂ ਸਾਰੀਆਂ ਬੱਸਾਂ ਦੀ ਅੱਡੇ ਵਿੱਚ ਐਂਟਰੀ ਲਈ ਰਾਹ ਪੱਧਰਾ ਕੀਤਾ। ਇਸ ਮੌਕੇ ਮੈਨੇਜਰ ਜਗਰਾਜ ਸਿੰਘ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਵਾਅਦਾ ਕੀਤਾ। ਲੋਕਾਂ ਨੇ ਇਸ ਉੱਦਮ ਲਈ ਵਿਧਾਇਕਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ।
ਵਿਧਾਇਕਾ ਵੱਲੋਂ ਸਵਾਰੀਆਂ ਨਾਲ ਗੱਲਬਾਤ
ਵਿਧਾਇਕਾ ਅਤੇ ਟੀਮ ਨੇ ਬੱਸ ਟਰਮੀਨਲ ਵਿੱਚ ਬਣੇ ਬਾਥਰੂਮਾਂ ਤੇ ਸਵਾਰੀਆਂ ਦੇ ਉਡੀਕਘਰ ਵਿੱਚ ਮਿਲੀਆਂ ਕਮੀਆਂ ਦੇ ਫੌਰੀ ਹੱਲ ਲਈ ਯਤਨ ਤੇਜ਼ ਕੀਤੇ। ਇਸ ਤੋਂ ਇਲਾਵਾ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਟਰੈਫਿਕ ਸੈੱਲ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਕਿਸੇ ਵੀ ਬੱਸ ਨੂੰ ਅੱਡੇ ਤੋਂ ਬਾਹਰ ਸਵਾਰੀਆਂ ਚੜ੍ਹਾਉਣ ਅਤੇ ਉਤਾਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।