ਕੁੱਟਮਾਰ ਮਾਮਲੇ: ਪੁਲੀਸ ਵੱਲੋਂ 16 ਜਣਿਆਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ, 2 ਅਪਰੈਲ
ਵੱਖ-ਵੱਖ ਥਾਵਾਂ ’ਤੇ ਹੋਏ ਲੜਾਈ, ਝਗੜਿਆਂ ਅਤੇ ਕੁੱਟਮਾਰ ਦੇ ਦੋਸ਼ ਹੇਠ ਪੁਲੀਸ ਵੱਲੋਂ ਦੋ ਔਰਤਾਂ ਸਮੇਤ 16 ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਜਨਤਾ ਨਗਰ ਸ਼ਿਮਲਾਪੁਰੀ ਵਾਸੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਜੀਵਨਜੋਤ ਸਿੰਘ ਨਾਲ ਢੋਲੇਵਾਲ ਚੌਕ ਖਾਣਾ ਖਾਣ ਲਈ ਜਾ ਰਿਹਾ ਸੀ ਤਾਂ ਨਿਰੰਕਾਰੀ ਮੁਹੱਲੇ ਪਾਸ ਜਗਜੋਤ ਸਿੰਘ, ਮਨਜੋਤ ਸਿੰਘ, ਨਵਜੋਤ ਸਿੰਘ, ਬਾਵਾ ਸਿੰਘ ਅਤੇ ਦੀਪ ਖਹਿਰਾ ਨੇ ਉਨ੍ਹਾਂ ਨੂੰ ਘੇਰ ਕੇ ਦੋਵਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਸਨੇ ਪਿਸਤੌਲ ਤਾਣ ਕੇ ਹਵਾਈ ਫਾਇਰ ਵੀ ਕੀਤੇ ਤੇ ਸਕਾਰਪੀਓ ਦੇ ਵੀ ਇੱਟਾਂ ਮਾਰ ਕੇ ਸ਼ੀਸ਼ੇ ਭੰਨ ਦਿੱਤੇ। ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਹੈਬੋਵਾਲ ਦੇ ਇਲਾਕੇ ਗੌਤਮ ਵਿਹਾਰ ਕਲੋਨੀ ਬੱਲੋਕੇ ਰੋਡ ਵਾਸੀ ਕਮਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਐਕਟਿਵਾ ’ਤੇ ਕੰਮ ਲਈ ਜਾਣ ਲੱਗੇ ਤਾਂ ਗਲੀ ਵਿੱਚ ਉਨ੍ਹਾਂ ਦੇ ਗੁਆਂਢੀ ਲਾਲ ਸਿੰਘ ਦੀ ਕਾਰ ਖੜ੍ਹੀ ਸੀ ਜਿਸਨੂੰ ਉਸਨੇ ਆਵਾਜ਼ ਮਾਰ ਕੇ ਸਾਈਡ ਕਰਨ ਲਈ ਕਿਹਾ ਤਾਂ ਉਨ੍ਹਾਂ ਦੋਵਾਂ ਭਰਾਵਾਂ ਦੀ ਡੰਡੇ ਤੇ ਬੇਸਬਾਲਾਂ ਨਾਲ ਕੁੱਟਮਾਰ ਕੀਤੀ। ਉਸਦੀ ਪਤਨੀ ਆਰਜੂ ਉਸਨੂੰ ਛੁਡਾਉਣ ਲਈ ਆਈ ਤਾਂ ਉਸਦੀ ਵੀ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਉਨ੍ਹਾਂ ਨੇ ਹਥਿਆਰਾਂ ਸਮੇਤ ਘਰ ਅੰਦਰ ਦਾਖ਼ਲ ਹੋ ਕੇ ਫਿਰ ਕੁੱਟਮਾਰ ਕੀਤੀ ਤੇ ਪਤਨੀ ਦੇ ਗਲ ਵਿੱਚ ਪਾਈ ਸੋਨੇ ਦੀ ਚੇਨੀ ਖੋਹ ਕੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ੳਮ ਪ੍ਰਕਾਸ਼ ਨੇ ਦੱਸਿਆ ਕਿ ਪੁਲੀਸ ਵੱਲੋਂ ਲਾਲ ਸਿੰਘ, ਮਨੀ, ਲਵੀ ਅਤੇ ਸੋਨੂੰ ਵਾਸੀਆਨ ਇਆਲੀ, ਰਾਜੂ, ਬੰਬੀ ਦੀ ਪਤਨੀ ਅੰਤਿਮਾ, ਬਿੱਲੇ ਉਰਫ਼ ਪੂਨਮ ਅਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।