ਰੂਰਲ ਐਂਡ ਅਰਬਨ ਹੈਰੀਟੇਜ ਮੇਲੇ ਵਿੱਚ ਲੁਧਿਆਣਵੀਆਂ ਨੇ ਲਾਈਆਂ ਰੌਣਕਾਂ
ਸਰਕਾਰੀ ਕਾਲਜ ਲੜਕੀਆਂ ਦੇ ਖੇਡ ਮੈਦਾਨ ਵਿੱਚ ਚੱਲ ਰਹੇ ਰੂਰਲ ਐਂਡ ਅਰਬਨ ਹੈਰੀਟੇਜ ਮੇਲੇ ਵਿੱਚ ਅੱਜ ਲੁਧਿਆਣਵੀਆਂ ਨੇ ਪੂਰੀਆਂ ਰੌਣਕਾਂ ਲਾਈਆਂ। ਹਰ ਉਮਰ ਵਰਗ ਦੇ ਲੋਕਾਂ ਨੇ ਮੇਲੇ ਵਿੱਚੋਂ ਆਪਣੀ ਪਸੰਦ ਦੀਆਂ ਚੀਜ਼ਾਂ ਖਰੀਦੀਆਂ ਅਤੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆਂ। ਇਸ ਮੇਲੇ ਵਿੱਚ ਆਰਟ ਐਂਡ ਕਰਾਫਟ ਦੇ ਕੌਮੀ ਪੱਧਰ ਦੇ ਕਲਾਕਾਰ ਹਿੱਸਾ ਲੈ ਰਹੇ ਹਨ।
ਹਸਤ ਕਲਾ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਵਿੱਚ ਵੱਖ ਵੱਖ ਥਾਵਾਂ ’ਤੇ ਲਾਇਆ ਜਾਂਦਾ ਰੂਰਲ ਐਂਡ ਅਰਬਨ ਹੈਰੀਟੇਜ਼ ਮੇਲਾ ਅੱਜਕਲ੍ਹ ਲੁਧਿਆਣਾ ਵਿੱਚ ਚੱਲ ਰਿਹਾ ਹੈ। ਇਸ ਮੇਲੇ ਵਿੱਚ ਅੱਜ ਵੱਡੀ ਗਿਣਤੀ ਲੁਧਿਆਣਾ ਵਾਸੀਆਂ ਨੇ ਸ਼ਿਰਕਤ ਕਰਦਿਆਂ ਆਪਣੀ ਪਸੰਦ ਦੀਆਂ ਚੀਜ਼ਾਂ ਖਰੀਦੀਆਂ। ਇਸ ਮੇਲੇ ਵਿੱਚ ਜਿਥੇ ਰਾਜਸਥਾਨ ਦੇ ਕਲਾਕਾਰਾਂ ਵੱਲੋਂ ਲਾਖ ਦੀਆਂ ਚੂੜੀਆਂ ਅਤੇ ਹੋਰ ਸਾਮਾਨ ਤਿਆਰ ਕਰਕੇ ਰੱਖਿਆ ਹੋਇਆ ਹੈ ਉੱਥੇ ਰੋਜ਼ਾਨਾ ਸਵੇਰੇ 11 ਵਜੇ ਸਕੂਲੀ ਬੱਚਿਆਂ ਲਈ ਵਰਕਸ਼ਾਪ ਵੀ ਲਾਈ ਜਾਂਦੀ ਹੈ।
ਇਸ ਮੇਲੇ ਦੇ ਪ੍ਰਬੰਧਕ ਵਰੁਣ ਵਰਮਾ ਦਾ ਕਹਿਣਾ ਹੈ ਕਿ ਮੇਲੇ ਵਿੱਚ ਬਿਨਾਂ ਵਜ੍ਹਾ ਭੀੜ ਹੋਣ ਤੋਂ ਰੋਕਣ ਲਈ 50 ਰੁਪਏ ਦਾਖਲਾ ਫੀਸ ਰੱਖੀ ਗਈ ਹੈ ਜਦਕਿ ਸਕੂਲੀ ਬੱਚਿਆਂ ਲਈ ਬਿਲਕੁਲ ਮੁਫਤ ਹੈ। ਇਸ ਮੇਲੇ ਵਿੱਚ ਪੁਰਾਤਨ ਖਿਡੌਣਿਆਂ ਦੀ ਤਰ੍ਹਾਂ ਸੂਈ-ਧਾਗੇ ਨਾਲ ਕੱਪੜੇ ਦੇ ਬਣਾਏ ਖਿਡੌਣੇ, ਔਰਤਾਂ ਦੇ ਪਰਸ, ਲਾਖ ਦੀਆਂ ਚੂੜੀਆਂ ਅਤੇ ਖਿਡੌਣੇ, ਹਾਥੀ ਦੇ ਅਸਲੀ ਦੰਦਾਂ ਦੀ ਤਰਜ਼ ’ਤੇ ਬਣਾਏ ਪਿੰਨ, ਹਾਰ ਅਤੇ ਹੋਰ ਸ਼ਿੰਗਾਰ ਦੀਆਂ ਚੀਜ਼ਾਂ ਲੁਧਿਆਣਵੀਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਖਾਣ-ਪੀਣ ਦੇ ਸੌਕੀਨਾਂ ਲਈ ਵੀ ਮੇਲੇ ਵਿੱਚ ਕਈ ਤਰ੍ਹਾਂ ਦੇ ਸਟਾਲ ਲਾਏ ਹੋਏ ਹਨ ਜਿੱਥੇ ਲੋਕਾਂ ਨੇ ਵੱਖ ਵੱਖ ਸੂਬਿਆਂ ਦੇ ਪਕਵਾਨਾਂ ਦਾ ਸਵਾਦ ਚੱਖਿਆ।
ਸੰਗੀਤ ਪ੍ਰੇਮੀਆਂ ਲਈ ਵੀ ਇਸ ਮੇਲੇ ਵਿੱਚ ਖਾਸ ਪ੍ਰਬੰਧ ਕੀਤਾ ਗਿਆ ਹੈ। ਮੇਲੇ ਦੇ ਸਾਰੇ ਦਿਨ ਸ਼ਾਮ ਤੋਂ ਰਾਤ 10 ਵਜੇ ਤੱਕ ਵੱਖ ਵੱਖ ਪ੍ਰਸਿੱਧ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਹਨ। ਬੀਤੀ ਸ਼ਾਮ ਸੁਲਤਾਨਾ ਨੂਰਾ ਵੱਲੋਂ ਸੂਫੀ ਗਾਇਕੀ ਰਾਹੀਂ ਚੰਗਾ ਰੰਗ ਬੰਨ੍ਹਿਆ। ਅੱਜ ਵੀ ਸਾਰਾ ਦਿਨ ਰਾਜਸਥਾਨੀ, ਹਰਿਆਣਵੀ ਅਤੇ ਹੋਰ ਕਲਾਕਾਰਾਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਰਾਹੀਂ ਮੇਲੀਆਂ ਦਾ ਮਨੋਰੰਜਨ ਕੀਤਾ ਜਾਂਦਾ ਰਿਹਾ। ਇਹ ਮੇਲਾ ਆਉਂਦੀ 10 ਅਪਰੈਲ ਤੱਕ ਜਾਰੀ ਰਹੇਗਾ। ਇਸ ਮੇਲੇ ਵਿੱਚ ਬੰਗਲਾ ਦੇਸ਼, ਨੇਪਾਲ ਆਦਿ ਦੇਸ਼ਾਂ ਤੋਂ ਇਲਾਵਾ 20 ਦੇ ਕਰੀਬ ਸੂਬਿਆਂ ਤੋਂ ਵੱਖ-ਵੱਖ ਵਸਤਾਂ ਬਣਾਉਣ ਵਾਲੇ ਕਲਾਕਾਰ ਪਹੁੰਚੇ ਹੋਏ ਹਨ।