ਸਹਿਕਾਰੀ ਸਭਾਵਾਂ ’ਚ ਫਰਦਾਂ ਦੀ ਥਾਂ ਘੋਸ਼ਣਾ ਪੱਤਰ ਦੇਣ ਦੀ ਮੰਗ
ਪਾਇਲ, 6 ਅਪ੍ਰੈਲ
ਖੇਤੀਬਾੜੀ ਸਹਿਕਾਰੀ ਸਭਾਵਾਂ ਵੱਲੋਂ ਹਰ ਸਾਲ ਕਿਸਾਨਾਂ ਨੂੰ ਹੱਦ ਕਰਜ਼ਿਆਂ ਸਬੰਧੀ ਫਰਦਾਂ ਦੇਣ ਦੇ ਫਰਮਾਨ ਜਾਰੀ ਕੀਤੇ ਜਾਂਦੇ ਹਨ, ਜਿਸ ਨਾਲ ਉਲਝਣਬਾਜ਼ੀ ਪੈਦਾ ਹੁੰਦੀ ਹੈ, ਜਦਕਿ ਘੋਸ਼ਣਾ ਪੱਤਰ ਨਾਲ ਵੀ ਇਹ ਕੰਮ ਸਰ ਸਕਦਾ ਹੈ। ਪਿੰਡ ਜਰਗੜੀ ’ਚ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਕਿਹਾ ਕਿ ਹਰ ਸਾਲ ਫਰਦਾਂ ਮੰਗਣ ਨਾਲ ਸਿਰਫ ਕਿਸਾਨ ਵਰਗ ਨੂੰ ਬੇਲੋੜੀਆਂ ਮੁਸ਼ਕਿਲਾਂ ਖੜੀਆਂ ਕੀਤੀਆਂ ਜਾਂਦੀਆਂ ਹਨ, ਜੋ ਫਰਦ ਕੇਂਦਰਾਂ ਵਿੱਚ ਲੰਮੀਆਂ ਕਤਾਰਾਂ ਦਾ ਸਾਹਮਣਾ ਕਰਕੇ ਫਰਦਾਂ ਲੈਣੀਆਂ ਪੈਂਦੀਆਂ ਹਨ।
ਇਲਾਕੇ ਦੇ ਉੱਘੇ ਸਮਾਜਸੇਵੀ ਅਵਤਾਰ ਸਿੰਘ ਜਰਗੜੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਵੱਲ ਜਲਦੀ ਧਿਆਨ ਦੇ ਕੇ ਕਿਸਾਨ ਵਰਗ ਲਈ ਫਰਦਾਂ ਮੰਗਣ ਦੇ ਨਿਰਦੇਸਾਂ ਨੂੰ ਰੱਦ ਕਰੇ। ਉਨ੍ਹਾਂ ਕਿਹਾ ਕਿ ਫਰਦਾਂ ਦੀ ਬਜਾਏ ਕਿਸਾਨਾਂ ਕੋਲੋਂ ਸਵੈ ਘੋਸਣਾ ਪੱਤਰ ਲਏ ਜਾਣ ਅਤੇ ਜੇਕਰ ਕੋਈ ਕਿਸਾਨ ਆਪਣੀ ਜਮੀਨ ਨੂੰ ਵੇਚਦਾ ਹੈ ਤਾਂ ਉਸ ਦੇ ਰਿਕਾਰਡ ਨੂੰ ਆਨਲਾਈਨ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਉੱਪਰ ਕਿਸੇ ਕਿਸਮ ਦੀ ਕੋਈ ਸ਼ੱਕ ਪੈਦਾ ਹੁੰਦੀ ਹੈ ਤਾਂ ਉਸ ਕੋਲੋਂ ਹੀ ਫਰਦ ਮੰਗਣੀ ਚਾਹੀਦੀ ਹੈ ਨਾ ਕਿ ਸਾਰੇ ਕਿਸਾਨਾਂ ਨੂੰ ਇਸ ਦੁਬਿਧਾ ਵਿੱਚ ਪਾਇਆ ਜਾਵੇ। ਇਸ ਮੌਕੇ ਸਰਪੰਚ ਸਿਕੰਦਰ ਸਿੰਘ ਲਸਾੜਾ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਸਵਰਨ ਸਿੰਘ ਲਸਾੜਾ, ਬਲਵੀਰ ਸਿੰਘ ਨਿਜ਼ਾਮਪੁਰ, ਮੇਜਰ ਸਿੰਘ ਲਸਾੜਾ, ਜਗਦੇਵ ਸਿੰਘ, ਜਸਵੰਤ ਸਿੰਘ, ਹਰਵਿੰਦਰ ਸਿੰਘ, ਬੰਤ ਸਿੰਘ ਤੇ ਹੋਰ ਹਾਜ਼ਰ ਸਨ।