ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੋਚ ਸਮਝ ਕੇ ਬਣਾਓ ਦੋਸਤ

04:38 AM Apr 26, 2025 IST
featuredImage

ਹਰਪ੍ਰੀਤ ਕੌਰ ਸੰਧੂ
ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਸੁਖਾਵਾਂ ਅਨੁਭਵ ਹੁੰਦਾ ਹੈ ਮਿੱਤਰਤਾ। ਬਾਲਪਨ ਵਿੱਚ ਹੀ ਅਸੀਂ ਮਿੱਤਰ ਬਣਾ ਲੈਂਦੇ ਹਾਂ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਮਿੱਤਰ ਕਿਸ ਤਰ੍ਹਾਂ ਚੁਣਨੇ ਚਾਹੀਦੇ ਹਨ, ਇਸ ਬਾਰੇ ਕਦੀ ਨਹੀਂ ਦੱਸਿਆ ਗਿਆ। ਮਾਂ-ਬਾਪ ਅਕਸਰ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਬੁਰੀ ਸੰਗਤ ਵਿੱਚ ਹੋਣ ਬਾਰੇ ਕਹਿੰਦੇ ਹਨ, ਟੋਕਦੇ ਹਨ, ਪਰ ਇਹ ਨਹੀਂ ਸਮਝਾਉਂਦੇ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਸੰਗਤ ਕਰਨੀ ਚਾਹੀਦੀ ਹੈ।
ਕਿਸ਼ੋਰ ਅਵਸਥਾ ਵਿੱਚ ਪੈਰ ਰੱਖਦਿਆਂ ਸਾਡੀ ਜ਼ਿੰਦਗੀ ’ਤੇ ਸਭ ਤੋਂ ਜ਼ਿਆਦਾ ਪ੍ਰਭਾਵ ਮਿੱਤਰਾਂ ਦਾ ਹੁੰਦਾ ਹੈ। ਅਜਿਹੇ ਵਿੱਚ ਜੇਕਰ ਸਾਡੀ ਮਿੱਤਰਤਾ ਗ਼ਲਤ ਕਿਸਮ ਦੇ ਲੋਕਾਂ ਨਾਲ ਹੋ ਜਾਵੇ ਤਾਂ ਸਾਡੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਜਾਂਦੀ ਹੈ। ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦੇ ਮਿੱਤਰ ਬਣਾਉਣੇ ਚਾਹੀਦੇ ਹਨ। ਇਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵੱਲ ਅਸੀਂ ਕਦੀ ਧਿਆਨ ਹੀ ਨਹੀਂ ਦਿੰਦੇ।
ਜ਼ਿੰਦਗੀ ਦੇ ਬਾਰ੍ਹਵੇਂ-ਤੇਰ੍ਹਵੇਂ ਸਾਲ ਵਿੱਚ ਪੈਰ ਰੱਖਦਿਆਂ ਬੱਚੇ ਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਉਸ ਦੇ ਮਿੱਤਰ ਕਿਹੋ ਜਿਹੇ ਲੋਕ ਹੋਣ। ਉਸ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਬੁਰਾਈ ਦਾ ਰਸਤਾ ਬੜਾ ਚਮਕਦਾਰ ਹੁੰਦਾ ਹੈ, ਪਰ ਉਸ ਦਾ ਅੰਤ ਹਮੇਸ਼ਾਂ ਮਾੜਾ ਹੁੰਦਾ ਹੈ। ਇਸ ਉਮਰ ਵਿੱਚ ਅਜਿਹੇ ਲੋਕ ਸਾਨੂੰ ਆਪਣੇ ਵੱਲ ਖਿੱਚਦੇ ਹਨ ਜੋ ਥੋੜ੍ਹੇ ਜਿਹੇ ਵੱਖਰੇ ਹੁੰਦੇ ਹਨ। ਜਿਹੜੇ ਗ਼ਲਤ ਕੰਮ ਕਰਕੇ ਮਸ਼ਹੂਰ ਹੁੰਦੇ ਹਨ। ਇਹ ਸਮਝਾਉਣਾ ਬਣਦਾ ਹੈ ਕਿ ਉਹ ਮਸ਼ਹੂਰ ਨਹੀਂ, ਅਸਲ ਉਹ ਬਦਨਾਮ ਹੁੰਦੇ ਹਨ। ਬੱਚੇ ਦਾ ਧਿਆਨ ਉਹ ਬੱਚੇ ਖਿੱਚਦੇ ਹਨ ਜੋ ਅਧਿਆਪਕ ਨੂੰ ਅੱਗੋਂ ਜਵਾਬ ਦਿੰਦੇ ਹਨ। ਜੋ ਆਪਣੇ ਮਾਤਾ-ਪਿਤਾ ਦਾ ਕਿਹਾ ਨਹੀਂ ਮੰਨਦੇ। ਜੋ ਆਪਣੀ ਮਰਜ਼ੀ ਕਰਦੇ ਹਨ। ਜੋ ਹਰ ਉਹ ਕੰਮ ਕਰਦੇ ਹਨ ਜੋ ਕਰਨਾ ਮਨ੍ਹਾ ਹੁੰਦਾ ਹੈ। ਉਸ ਉਮਰ ਦੀ ਸੋਚ ਉਨ੍ਹਾਂ ਲੋਕਾਂ ਨੂੰ ਹੀਰੋ ਦਿਖਾਉਂਦੀ ਹੈ। ਬਸ ਇੱਥੇ ਹੀ ਸਾਡੇ ਬੱਚੇ ਇਨ੍ਹਾਂ ਬੱਚਿਆਂ ਨਾਲ ਦੋਸਤੀ ਕਰਕੇ ਗ਼ਲਤੀ ਕਰ ਲੈਂਦੇ ਹਨ।
ਅਜਿਹੀ ਦੋਸਤੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਬਹੁਤ ਮਹਿੰਗੀ ਪੈਂਦੀ ਹੈ। ਜਦੋਂ ਬੱਚਾ ਇੱਕ ਵਾਰ ਰਾਹ ਤੋਂ ਭਟਕ ਜਾਵੇ, ਫਿਰ ਉਹ ਕਦੀ ਵੀ ਸਹੀ ਰਾਹ ’ਤੇ ਨਹੀਂ ਪੈਂਦਾ, ਜੇ ਪੈਂਦਾ ਵੀ ਹੈ ਤਾਂ ਸੁਖਾਲਾ ਨਹੀਂ। ਬੱਚੇ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਸਹੀ ਰਾਹ ’ਤੇ ਚੱਲਦਿਆਂ ਹੀ ਉਹ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦਾ ਹੈ। ਜ਼ਿੰਦਗੀ ਵਿੱਚ ਕੁੱਝ ਕਰ ਗੁਜ਼ਰਨ ਦੀ, ਕੁੱਝ ਬਣ ਜਾਣ ਲਈ ਕੋਈ ਪ੍ਰਾਪਤੀ ਕਰਨ ਲਈ ਸਹੀ ਤੇ ਸਿੱਧੇ ਰਾਹ ’ਤੇ ਚੱਲਣਾ ਬਹੁਤ ਜ਼ਰੂਰੀ ਹੈ ਭਾਵੇਂ ਉਹ ਕਿੰਨਾ ਵੀ ਔਖਾ ਕਿਉਂ ਨਾ ਹੋਵੇ। ਉਸ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਉਸ ਦੇ ਦੋਸਤ ਉਹ ਹੋਣੇ ਚਾਹੀਦੇ ਹਨ ਜੋ ਜ਼ਿੰਦਗੀ ਵਿੱਚ ਕੁੱਝ ਕਰ ਜਾਣਾ ਲੋਚਦੇ ਹਨ। ਜੋ ਆਪਣੇ ਅਧਿਆਪਕਾਂ ਤੇ ਮਾਤਾ-ਪਿਤਾ ਦਾ ਕਿਹਾ ਮੰਨਦੇ ਹਨ।
ਕਿਸੇ ਵੀ ਕਮਜ਼ੋਰ ਬਿਰਤੀ ਦੇ ਬੱਚੇ ਨੂੰ ਅਜਿਹੇ ਬੱਚੇ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਜੋ ਮਜ਼ਬੂਤ ਬਿਰਤੀ ਦਾ ਹੈ। ਅਜਿਹੇ ਵਿੱਚ ਤੁਹਾਡਾ ਬੱਚਾ ਹਮੇਸ਼ਾਂ ਉਸ ਬੱਚੇ ਦੀ ਗੱਲ ਮੰਨੇਗਾ। ਇਸ ਵਿੱਚ ਉਸ ਦਾ ਕਸੂਰ ਨਹੀਂ, ਉਸ ਦੀ ਬਿਰਤੀ ਹੀ ਅਜਿਹੀ ਹੈ। ਪਰ ਸਵਾਲ ਇਹ ਵੀ ਹੈ ਕਿ ਜੇ ਕਮਜ਼ੋਰ ਬਿਰਤੀ ਦੇ ਬੱਚੇ ਨਾਲ ਦੋਸਤੀ ਕੀਤੀ ਜਾਵੇਗੀ ਤਾਂ ਉਹ ਸਾਡੀ ਹਰ ਗੱਲ ਮੰਨ ਜਾਵੇਗਾ, ਬੇਸ਼ੱਕ ਉਹ ਗ਼ਲਤ ਹੋਵੇ ਜਾਂ ਸਹੀ। ਅਜਿਹੇ ਵਿੱਚ ਇੱਕ ਸੰਤੁਲਨ ਕਾਇਮ ਕਰਨਾ ਬਹੁਤ ਜ਼ਰੂਰੀ ਹੈ।
ਬਹੁਤ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਦੇ ਦੋਸਤ ਤੁਹਾਨੂੰ ਜਾਣਦੇ ਹੋਣ। ਤੁਸੀਂ ਉਨ੍ਹਾਂ ਦੇ ਸੰਪਰਕ ਵਿੱਚ ਰਹੋ ਤਾਂ ਕਿ ਤੁਹਾਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਹੋਵੇ। ਇਸ ਤਰ੍ਹਾਂ ਉਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਹੀ ਤੁਸੀਂ ਆਪਣੇ ਬੱਚੇ ਨੂੰ ਸੁਚੇਤ ਕਰ ਸਕਦੇ ਹੋ। ਬੱਚੇ ਨੂੰ ਇਹ ਸਮਝਾਉਣਾ ਵੀ ਬਹੁਤ ਜ਼ਰੂਰੀ ਹੈ ਕਿ ਦੋਸਤੀ ਵਿੱਚ ਵਿਸ਼ਵਾਸ ਬਣਾਏ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ। ਵਿਸ਼ਵਾਸ ਪਾਤਰ ਮਿੱਤਰ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਹਨ, ਪਰ ਆਪ ਕਿਸੇ ਦਾ ਵਿਸ਼ਵਾਸ ਪਾਤਰ ਬਣਨਾ ਆਪਣੇ ਹੀ ਹੱਥ ਵਿੱਚ ਹੁੰਦਾ ਹੈ। ਇਹ ਸਮਝ ਲੈਣਾ ਵੀ ਬਹੁਤ ਜ਼ਰੂਰੀ ਹੈ ਕਿ ਜੋ ਹਰ ਕਿਸੇ ਦਾ ਮਿੱਤਰ ਹੋਵੇ, ਉਹ ਅਸਲ ਵਿੱਚ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ। ਅਜਿਹਾ ਬੱਚਾ ਸਿਰਫ਼ ਮਸ਼ਹੂਰ ਹੋਣਾ ਚਾਹੁੰਦਾ ਹੈ।
ਦੋਸਤੀ ਇੱਕ ਗਹਿਰਾ ਸਬੰਧ ਹੈ। ਇਹ ਜ਼ਿੰਦਗੀ ’ਤੇ ਅਮਿੱਟ ਪ੍ਰਭਾਵ ਛੱਡਦਾ ਹੈ। ਕਿਸੇ ਮਨੁੱਖ ਨੂੰ ਉਸ ਦੀ ਸੰਗਤ ਤੋਂ ਹੀ ਪਛਾਣਿਆ ਜਾਂਦਾ ਹੈ। ਕਹਿੰਦੇ ਨੇ ਕਿਸੇ ਬਾਰੇ ਪਤਾ ਕਰਨਾ ਹੋਵੇ ਤਾਂ ਉਸ ਦੀ ਸੰਗਤ ਵੇਖ ਲਓ। ਜਿਹੋ ਜਿਹੇ ਲੋਕਾਂ ਵਿੱਚ ਉਸ ਦੀ ਬਹਿਣੀ ਉੱਠਣੀ ਹੈ, ਉਹੋ ਜਿਹਾ ਹੀ ਉਹ ਆਪ ਹੋਵੇਗਾ। ਅੱਜ ਦੇ ਸਮੇਂ ਵਿੱਚ ਨਸ਼ਾ ਇੱਕ ਬਹੁਤ ਵੱਡੀ ਅਲਾਮਤ ਬਣ ਚੁੱਕਾ ਹੈ। ਨਸ਼ੇ ਦੀ ਆਦਤ ਪਿੱਛੇ ਦੋਸਤੀ ਬਹੁਤ ਵੱਡਾ ਕੰਮ ਕਰਦੀ ਹੈ। ਜੇਕਰ ਬੱਚੇ ਦੇ ਦੋਸਤ ਨਸ਼ਾ ਕਰਨ ਦੇ ਆਦੀ ਹਨ ਤਾਂ ਬੱਚਾ ਜ਼ਰੂਰ ਨਸ਼ਾ ਕਰੇਗਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਉਸ ਦੇ ਦੋਸਤਾਂ ਬਾਰੇ ਪਤਾ ਹੋਵੇ। ਬੱਚੇ ਦਾ ਮਜ਼ਬੂਤ ਕਿਰਦਾਰ ਹੋਣਾ ਮਾਂ-ਬਾਪ ਦੇ ਆਪਸੀ ਸਬੰਧਾਂ ’ਤੇ ਨਿਰਭਰ ਕਰਦਾ ਹੈ। ਜਿੱਥੇ ਮਾਂ-ਬਾਪ ਦੇ ਸਬੰਧ ਸੁਖਾਵੇਂ ਹੁੰਦੇ ਹਨ, ਉੱਥੇ ਬੱਚੇ ਦਾ ਕਿਰਦਾਰ ਮਜ਼ਬੂਤ ਹੁੰਦਾ ਹੈ। ਜਿਨ੍ਹਾਂ ਘਰਾਂ ਵਿੱਚ ਮਾਂ-ਬਾਪ ਦੇ ਆਪਸੀ ਸਬੰਧ ਅਸਾਵੇਂ ਹੁੰਦੇ ਹਨ, ਉੱਥੇ ਬੱਚੇ ਅਕਸਰ ਭਾਵੁਕ ਹੁੰਦੇ ਹਨ ਤੇ ਕਿਸੇ ’ਤੇ ਵੀ ਨਿਰਭਰ ਹੋ ਜਾਂਦੇ ਹਨ। ਉਨ੍ਹਾਂ ਕੋਲ ਜਦੋਂ ਮਾਂ-ਬਾਪ ਦਾ ਸਾਥ ਨਹੀਂ ਹੁੰਦਾ ਤਾਂ ਉਹ ਦੋਸਤਾਂ ਨੂੰ ਕਿਸੇ ਵੀ ਕੀਮਤ ’ਤੇ ਛੱਡਣਾ ਨਹੀਂ ਚਾਹੁੰਦੇ। ਇਸ ਲਈ ਉਹ ਦੋਸਤਾਂ ਦੀ ਹਰ ਗੱਲ ਮੰਨਦੇ ਹਨ।
ਕਿਸ਼ੋਰ ਅਵਸਥਾ ਵਿੱਚ ਸਹੀ ਤੇ ਗ਼ਲਤ ਦੀ ਪਛਾਣ ਬਹੁਤ ਘੱਟ ਹੁੰਦੀ ਹੈ। ਇਸ ਸਮੇਂ ਬੱਚਾ ਬਹੁਤ ਜਜ਼ਬਾਤੀ ਦਬਾਅ ਵਿੱਚ ਹੁੰਦਾ ਹੈ। ਉਸ ਨੂੰ ਖ਼ੁਦ ਪਤਾ ਨਹੀਂ ਹੁੰਦਾ ਕਿ ਉਹ ਕੀ ਚਾਹੁੰਦਾ ਹੈ। ਅਜਿਹੇ ਵਿੱਚ ਜੇਕਰ ਉਸ ਦੀ ਸੰਗਤ ਬੁਰੀ ਹੋ ਜਾਵੇ ਤਾਂ ਉਸ ਦੀ ਸਥਿਤੀ ਬਹੁਤ ਵਿਗੜ ਜਾਂਦੀ ਹੈ। ਇਸ ਉਮਰ ਵਿੱਚ ਬੱਚਿਆਂ ਨੂੰ ਵਿਸ਼ੇਸ਼ ਕਿਸਮ ਦੀ ਕਾਉਂਸਲਿੰਗ ਦੀ ਜ਼ਰੂਰਤ ਹੁੰਦੀ ਹੈ। ਮਾਤਾ-ਪਿਤਾ ਨੂੰ ਬੱਚੇ ਦੇ ਦੋਸਤ ਬਣਨਾ ਚਾਹੀਦਾ ਹੈ। ਦੋਸਤ ਬਣ ਕੇ ਹੀ ਉਹ ਬੱਚੇ ਨੂੰ ਚੰਗੇ ਸੁਝਾਅ ਦੇ ਸਕਦੇ ਹਨ। ਇਸ ਉਮਰ ਦੇ ਬੱਚੇ ਹੁਕਮ ਨਹੀਂ ਮੰਨਦੇ। ਜੇਕਰ ਉਨ੍ਹਾਂ ’ਤੇ ਕੋਈ ਗੱਲ ਥੋਪੀ ਜਾਵੇ ਤਾਂ ਉਹ ਬਾਗੀ ਹੋ ਜਾਂਦੇ ਹਨ। ਬੱਚੇ ਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਉਸ ਨੇ ਕਿਸ ਕਿਸਮ ਦੇ ਦੋਸਤ ਬਣਾਉਣੇ ਹਨ ਅਤੇ ਕਿਸ ਕਿਸਮ ਦੇ ਲੋਕਾਂ ਤੋਂ ਉਸ ਨੇ ਬਚ ਕੇ ਰਹਿਣਾ ਹੈ।
ਚੰਗੇ ਦੋਸਤ ਜਿੱਥੇ ਬੰਦੇ ਦੀ ਜ਼ਿੰਦਗੀ ਬਣਾ ਦਿੰਦੇ ਹਨ, ਉੱਥੇ ਹੀ ਮਾੜੇ ਦੋਸਤ ਉਸ ਨੂੰ ਤਬਾਹੀ ਵੱਲ ਲੈ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਮਾਂ-ਬਾਪ ਬੱਚਿਆਂ ਸਬੰਧੀ ਕਈ ਕਿਸਮ ਦੀਆਂ ਪਰੇਸ਼ਾਨੀਆਂ ਵਿੱਚ ਉਲਝੇ ਹੋਏ ਹਨ। ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਇਹੀ ਹੈ ਕਿ ਬੱਚੇ ਨੂੰ ਮਿੱਤਰਤਾ ਪ੍ਰਤੀ ਸਹੀ ਰਾਏ ਦਿੱਤੀ ਜਾਵੇ। ਉਸ ਨੂੰ ਸ਼ੁਰੂ ਤੋਂ ਹੀ ਇਹ ਸਮਝਾਇਆ ਜਾਵੇ ਕਿ ਉਸ ਨੇ ਜ਼ਿੰਦਗੀ ਵਿੱਚ ਕੀ ਕਰਨਾ ਹੈ ਤੇ ਉਸ ਨੂੰ ਕਿਹੋ ਜਿਹੇ ਮਿੱਤਰਾਂ ਦੀ ਜ਼ਰੂਰਤ ਹੈ। ਉਸ ਦੇ ਮਿੱਤਰਾਂ ਨੂੰ ਅਕਸਰ ਘਰ ਬੁਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਪਤਾ ਲੱਗਦਾ ਰਹੇ ਕਿ ਉਹ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਹਨ। ਉਨ੍ਹਾਂ ਦੀ ਰਹਿਣੀ ਬਹਿਣੀ ਕਿਹੋ ਜਿਹੀ ਹੈ।
ਗ਼ਲਤ ਸੰਗਤ ਵਿੱਚ ਪੈ ਕੇ ਜਦੋਂ ਬੱਚੇ ਦੀ ਸਾਰੀ ਜ਼ਿੰਦਗੀ ਵਿਗੜ ਜਾਂਦੀ ਹੈ ਤਾਂ ਪਛਤਾਵੇ ਤੋਂ ਬਿਨਾਂ ਹੱਥ ਕੁੱਝ ਨਹੀਂ ਰਹਿੰਦਾ। ਇਸ ਲਈ ਬਹੁਤ ਜ਼ਰੂਰੀ ਹੈ ਕਿ ਸਮਾਂ ਰਹਿੰਦੇ ਸਹੀ ਕਦਮ ਚੁੱਕੇ ਜਾਣ। ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇੱਕ ਕਿਸ਼ੋਰ ਅਵਸਥਾ ਦੇ ਬੱਚੇ ’ਤੇ ਤੁਸੀਂ ਦਬਾਅ ਪਾ ਕੇ ਉਸ ਨੂੰ ਆਪਣੀ ਕੋਈ ਗੱਲ ਨਹੀਂ ਮਨਾ ਸਕਦੇ। ਤੁਹਾਨੂੰ ਉਸ ਦੇ ਮਿੱਤਰ ਬਣ ਕੇ ਹੀ ਉਸ ਨਾਲ ਗੱਲ ਕਰਨੀ ਪਵੇਗੀ। ਉਸ ਦੇ ਪੱਧਰ ’ਤੇ ਆ ਕੇ ਉਸ ਨੂੰ ਸਮਝਾਉਣਾ ਪਵੇਗਾ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਚੰਗੀ ਸੰਗਤ ਵਿੱਚ ਰਹਿਣ, ਜ਼ਿੰਦਗੀ ਵਿੱਚ ਚੰਗੇ ਰਾਹ ’ਤੇ ਚੱਲਣ, ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਚਲਾਉਣ ਤਾਂ ਉਨ੍ਹਾਂ ਦੇ ਮਿੱਤਰਾਂ ਵੱਲ ਜ਼ਰੂਰ ਧਿਆਨ ਦਿਓ। ਆਪਣੇ ਬੱਚੇ ਦੀ ਮਿੱਤਰ ਚੋਣ ਵਿੱਚ ਸਹਾਇਤਾ ਕਰੋ। ਇਹ ਸਮੇਂ ਦੀ ਮੰਗ ਹੈ।
ਸੰਪਰਕ: 90410-73310

Advertisement

Advertisement