ਸੈਣੀ ਨੇ ਨਗਰ ਪਰਿਸ਼ਦਾਂ ਦੇ ਪ੍ਰਧਾਨਾਂ ਤੇ ਨਿਗਮ ਕੌਂਸਲਰਾਂ ਨੂੰ ਸਹੁੰ ਚੁਕਾਈ
ਪੀਪੀ ਵਰਮਾ
ਪੰਚਕੂਲਾ, 25 ਮਾਰਚ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਹੁਣ ਪੂਰੀ ਤਰ੍ਹਾਂ ਤਰੱਕੀ ਦੇ ਰਾਹ ’ਤੇ ਹੈ। ਮੁੱਖ ਮੰਤਰੀ ਨੇ ਅੱਜ ਪੰਚਕੂਲਾ ਦੇ ਸੈਕਟਰ-5 ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਨਗਰ ਪਰਿਸ਼ਦਾਂ ਦੇ ਪ੍ਰਧਾਨਾਂ, ਨਗਰ ਨਿਗਮਾਂ ਤੇ ਕੌਂਸਲਾਂ ਵਿੱਚ ਨਵੇਂ ਬਣੇ ਕੌਸਲਰਾਂ ਨੂੰ ਸਾਂਝੇ ਤੌਰ ’ਤੇ ਸਹੁੰ ਚੁਕਾਈ। ਮੁੱਖ ਮੰਤਰੀ ਨੇ ਇਸ ਮੌਕੇ ਭਾਜਪਾ ਦੇ ਨਵੇਂ ਚੁਣੇ ਨਗਰ ਨਿਗਮ ਦੇ ਪ੍ਰਧਾਨਾਂ ਅਤੇ ਕੌਂਸਲਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਭਾਜਪਾ ਨੇ ਹਰਿਆਣਾ ਵਿੱਚ ਹੋਰ ਨਵਾਂ ਮਾਅਰਕਾ ਮਾਰਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਪੂਰੀ ਤਰ੍ਹਾਂ ਤਰੱਕੀ ਦੇ ਰਾਹ ’ਤੇ ਹੈ। ਹੁਣ ਰੋਜ਼ਾਨਾ ਹਰ ਜ਼ਿਲ੍ਹੇ ਵਿੱਚ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖ਼ੁਦ ਰੋਜ਼ਾਨਾ ਇਨ੍ਹਾਂ ਕੈਂਪਾਂ ਨਾਲ ਜੁੜਨਗੇ। ਇੱਥੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨਗਰ ਨਿਗਮ ਦੀਆਂ ਉਪ ਚੋਣਾਂ ਵਿੱਚੋਂ ਜੇਤੂ ਭਾਜਪਾ ਦੇ ਪ੍ਰਧਾਨ ਅਤੇ ਕੌਂਸਲਰ ਪਹੁੰਚੇ ਹੋਏ ਸਨ।
ਇਸ ਮੌਕੇ ਸਥਾਨਕ ਸਰਕਾਰ ਬਾਰੇ ਮੰਤਰੀ ਵਿਪੁਲ ਗੋਇਲ ਨੇ ਵੀ ਭਾਜਪਾ ਦੇ ਨਵੇਂ ਬਣੇ ਕੌਸਲਰਾਂ ਅਤੇ ਨਗਰ ਪਰਿਸ਼ਦਾਂ ਦੇ ਪ੍ਰਧਾਨਾਂ ਨੂੰ ਵਧਾਈ ਦਿੱਤੀ।
ਸਮਾਗਮ ਵਿੱਚ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਲਾਲ ਬੜੋਲੀ ਅਤੇ ਖੇਤੀ ਮੰਤਰੀ ਗੌਰਵ ਗੌਤਮ, ਟਰਾਂਸਪੋਰਟ ਮੰਤਰੀ ਅਨਿਲ ਵਿਜ, ਪੰਚਕੂਲਾ ਦੇ ਸੀਨੀਅਰ ਨੇਤਾ ਅਤੇ ਪੰਚਕੂਲਾ ਦ]ੇ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੇ ਮਿੱਤਲ, ਭਾਜਪਾ ਦੇ ਆਗੂ ਸ਼ਾਮ ਲਾਲ ਬਾਂਸਲ ਤੇ ਦੀਪਕ ਸ਼ਰਮਾ ਮੌਜੂਦ ਸਨ।