ਸੈਂਕੜੇ ਕਿਸਾਨਾਂ ਨੇ ਅਨਾਜ ਮੰਡੀਆਂ ’ਚ ਹੀ ਖਾਲਸੇ ਦਾ ਜਨਮ ਦਿਹਾੜਾ ਮਨਾਇਆ
ਜੋਗਿੰਦਰ ਸਿੰਘ ਮਾਨ
ਮਾਨਸਾ, 13 ਅਪਰੈਲ
ਸੈਂਕੜੇ ਕਿਸਾਨਾਂ ਨੇ ਮਾਲਵਾ ਪੱਟੀ ਦੀਆਂ ਅਨਾਜ ਮੰਡੀਆਂ ਵਿੱਚ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਅਤੇ ਹਜ਼ਾਰਾਂ ਹੋਰ ਕਿਸਾਨਾਂ ਨੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿਸਾਖੀ ਮੇਲੇ ’ਤੇ ਜਾਣ ਦੀ ਬਜਾਏ ਖੇਤਾਂ ਵਿਚ ਆਪਣੀ ਕਣਕ ਵੱਢਣ ਨੂੰ ਤਰਜੀਹ ਦਿੱਤੀ। ਉਧਰ ਸੈਂਕੜੇ ਮਜ਼ਦੂਰ ਇਸ ਦਿਹਾੜੇ ’ਤੇ ਕਈ ਮੰਡੀਆਂ ਵਿੱਚ ਭੁੱਖਣ-ਭਾਣੇ ਰਹੇ ਅਤੇ ਪ੍ਰਸ਼ਾਸਨ ਦੇ ਹੁਕਮ ਨਾ ਆਉਣ ਕਾਰਨ ਉਹ ਕਿਸਾਨਾਂ ਦੀ ਇਕ ਵੀ ਕਣਕ ਦੀ ਢੇਰੀ ਨੂੰ ਤੋਲ ਨਾ ਸਕੇ। ਅਨੇਕਾਂ ਮੰਡੀਆਂ ’ਚੋਂ ਸਰਕਾਰੀ ਅਧਿਕਾਰੀ ਕਣਕ ਦੇ ਗਿੱਲੀ ਹੋਣ ਨੂੰ ਲੈ ਕੇ ਨੱਕ ਮਾਰਨ ਦੇ ਮਾਮਲੇ ਸਾਹਮਣੇ ਆਏ ਹਨ। ਮਾਨਸਾ ਜ਼ਿਲ੍ਹੇ ਵਿੱਚ ਦਰਜਨਾਂ ਮੰਡੀਆਂ ’ਚੋਂ ਇਹ ਰਿਪੋਰਟ ਪਹਿਲੀ ਵਾਰ ਮਿਲੀ ਹੈ ਕਿ ਖਾਲਸੇ ਦੇ ਜਨਮ ਦਿਹਾੜੇ ਤੱਕ ਕਣਕ ਦਾ ਇੱਕ ਵੀ ਦਾਣਾ ਸਰਕਾਰੀ ਤੌਰ ’ਤੇ ਖਰੀਦਿਆ ਨਹੀਂ ਗਿਆ ਹੈ। ਮੰਡੀਆਂ ’ਚ ਕਣਕ ਤੋਲਣ ਦਾ ਕੰਮ ਕਰਨ ਵਾਲੇ ਮਜ਼ਦੂਰ ਵਿਹਲੇ ਬੈਠੇ ਹਨ ਅਤੇ ਕਿਸੇ ਢੇਰੀ ਦੀ ਬੋਲੀ ਨਾ ਲੱਗਣ ਕਾਰਨ ਸੈਂਕੜੇ ਆੜ੍ਹਤੀਆਂ ਨੇ ਅੱਜ ਤੱਕ ਆਪਣੇ ਪਿੜਾਂ ਨੂੰ ਸਾਫ਼ ਵੀ ਨਹੀਂ ਕੀਤਾ। ਇਸ ਖੇਤਰ ਦੇ ਬਹੁਤ ਘੱਟ ਦਿਹਾਤੀ ਖਰੀਦ ਕੇਂਦਰ ਵਿਚ ਅੱਜ ਕਿਸੇ ਵੀ ਸਰਕਾਰੀ ਏਜੰਸੀ ਨੇ ਕਿਸੇ ਕਿਸਾਨ ਦੀ ਕਣਕ ਨੂੰ ਗਿੱਲੀ-ਸੁੱਕੀ ਪਰਖਣ ਲਈ ਉਸਦੀ ਢੇਰੀ ਕੋਲ ਜਾਣ ਲਈ ਸਮਾਂ ਨਾ ਕੱਢਿਆ। ਭਾਵੇਂ ਪੰਜਾਬ ਸਰਕਾਰ ਨੇ ਪਹਿਲੀ ਅਪਰੈਲ ਤੋਂ ਮੰਡੀਆਂ ਵਿੱਚ ਕਣਕ ਵੇਚਣ ਦੀ ਪ੍ਰਬੰਧ ਕੀਤੇ ਹੋਣ ਦਾ ਦਾਅਵਾ ਕੀਤਾ ਗਿਆ ਹੈ, ਪਰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦਾਅਵਾ ਕੀਤਾ ਹੈ ਕਿ ਜਿਲ੍ਹੇ ਦੀਆਂ ਪੰਜ ਦਰਜਨ ਤੋਂ ਵੱਧ ਮੰਡੀਆਂ ਵਿਚ ਪੁੱਜੀ ਹਜ਼ਾਰਾਂ ਟਨ ਕਣਕ ਵਿਚੋਂ ਅੱਜ ਗਿੱਲੀ ਹੋਣ ਦਾ ਦਾਅਵਾ ਕਰਕੇ ਇੱਕ ਦਾਣਾ ਵੀ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਨਹੀਂ ਖਰੀਦਿਆ ਗਿਆ ਹੈ। ਅੱਜ ਮਾਨਸਾ ਦੇ ਜ਼ਿਲ੍ਹਾ ਮੰਡੀ ਅਫਸਰ ਤੋਂ ਮਿਲੇ ਵੇਰਵਿਆਂ ਮੁਤਾਬਿਕ ਪਤਾ ਲੱਗਿਆ ਕਿ ਮਾਨਸਾ ਜ਼ਿਲ੍ਹੇ ਅਧੀਨ ਆਉਂਦੀਆਂ ਅਨਾਜ ਮੰਡੀਆਂ ’ਚ ਸਰਕਾਰੀ ਨਿਯਮਾਂ ਅਨੁਸਾਰ ਸੁੱਕੀ ਕਣਕ ਦੀਆਂ ਢੇਰੀਆਂ ਦੀ ਬੋਲੀ ਲਗਾਤਾਰ ਲੱਗ ਰਹੀ ਹੈ। ਉਧਰ ਅੱਜ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਦਾਣੇ ਵਾਹਣਾਂ ਵਿਚ ਰੁਲ ਰਹੇ ਹੋਣ ਤਾਂ ਕੋਈ ਨੌਣ ਚੰਗਾ ਨਹੀਂ ਲੱਗਦਾ। ਪਿੰਡ ਫਫੜੇ ਭਾਈਕੇ ਦੇ ਕਿਸਾਨ ਇਕਬਾਲ ਸਿੰਘ ਸਿੱਧੂ ਦਾ ਕਹਿਣਾ ਕਿ ਇਸ ਵਾਰ ਮੌਸਮ ਦੀ ਮਾਰ ਕਾਰਨ ਉਹ ਸਾਲ ਭਰ ਤੋਂ ਆਉਂਦੇ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਜਾਣ ਨੂੰ ਕਿਸੇ ਕਿਸਾਨ ਦਾ ਹੌਂਸਲਾ ਹੀ ਨਹੀਂ ਪੈ ਰਿਹਾ ਹੈ, ਜਿਸ ਕਾਰਨ ਖੇਤਾਂ ਵਿਚ ਕਿਰ ਰਹੀ ਕਣਕ ਨੂੰ ਸਾਂਭਣ ਦੀ ਤਰਜੀਹ ਦਿੱਤੀ ਜਾਣ ਲੱਗੀ ਹੈ। ਉਨ੍ਹਾਂ ਕਿਹਾ ਕਿ ਰੱਬ ਦੋ ਦਿਨ ਸੁੱਕੇ ਲਾਉਂਦਾ ਅਤੇ ਅਗਲੇ ਦੋ ਦਿਨ ਸਲਾਬੇ ਲਾਉਂਦਾ ਹੈ।
ਇਸੇ ਦੌਰਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਾਮ ਤੱਕ ਮੰਡੀਆਂ ਵਿਚ ਪੁੱਜੀ ਕਣਕ ਵਿਚ ਭਾਰੀ ਨਮੀਂ ਦੀ ਮਾਤਰਾ ਸੀ, ਜਿਸ ਕਰਕੇ ਉਨ੍ਹਾਂ ਦੀ ਬੋਲੀ ਕਿਸੇ ਵੀ ਕੀਮਤ ’ਤੇ ਨਹੀਂ ਸੀ ਲੱਗ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਕਣਕ ਨੂੰ ਮੰਡੀ ਵਿਚ ਸੁੱਕਣੇ ਪਾਇਆ ਗਿਆ ਅਤੇ ਜਦੋਂ ਹੀ ਇਹ ਕਣਕ ਸੁੱਕ ਜਾਂਦੀ ਤਾਂ ਇਸ ਦੀ ਬਕਾਇਦਾ ਰੂਪ ’ਚ ਬੋਲੀ ਲਵਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਜਿਣਸ ਮੰਡੀਆਂ ਵਿਚ ਸੁਕਾ ਕੇ ਲਿਆਉਣ।