ਮਨਜੀਤ ਕੌਰ ਗਾਮੀਵਾਲਾ ਕਤਲ ਕੇਸ ’ਚ ਨਵਾਂ ਮੋੜ ਆਇਆ
ਪੱਤਰ ਪ੍ਰੇਰਕ
ਮਾਨਸਾ, 26 ਅਪਰੈਲ
ਕੌਮੀ ਮਹਿਲਾ ਦਿਵਸ ਵਾਲੇ ਦਿਨ 8 ਮਾਰਚ ਨੂੰ ਦਿਨ ਦਿਹਾੜੇ ਬੋਹਾ ਵਿੱਚ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਗਾਮੀਵਾਲਾ ਦੇ ਹੋਏ ਕਤਲ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਇਸ ਕਤਲ ਲਈ ਥਾਣਾ ਬੋਹਾ ਦੇ ਉਸ ਵੇਲੇ ਦੇ ਪੁਲੀਸ ਮੁੁਖੀ ਹੱਥ ਹੋਣ ਦਾ ਦੋਸ਼ ਲਾਉਂਦਿਆਂ ਦੋ ਮਈ ਨੂੰ ਬੋਹਾ ਥਾਣਾ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਸੀਪੀਆਈ ਸ਼ੁਰੂ ਤੋਂ ਇਹ ਗੱਲ ਕਹਿੰਦੀ ਆ ਰਹੀ ਹੈ ਕਿ ਕਤਲ ਕੋਈ ਸਾਧਾਰਨ ਘਟਨਾ ਨਹੀਂ, ਬਲਕਿ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਸਿਆਸੀ ਕਤਲ ਹੈ। ਉਨ੍ਹਾਂ ਕਿਹਾ ਕਿ ਮਨਜੀਤ ਕੌਰ ਗਾਮੀਵਾਲਾ ਨੂੰ ਬੋਹਾ ਦੀ ਇੱਕ ਵਿਧਵਾ ਔਰਤ ਨੂੰ ਇਨਸਾਫ਼ ਦਿਵਾਉਣ ਲਈ ਆਪਣੇ-ਆਪ ਨੂੰ ਖ਼ਤਮ ਕਰਵਾਉਣ ਦੀ ਕੀਮਤ ਚੁਕਾਉਣੀ ਪਈ ਹੈ।
ਉਨ੍ਹਾਂ ਦੱਸਿਆ ਕਿ ਇਸ ਕਤਲ ਕੇਸ ’ਚ ਮੁੱਖ ਸਾਜ਼ਿਸ਼ਕਰਤਾ ਉਸ ਵੇਲੇ ਦੇ ਥਾਣਾ ਮੁਖੀ ਕਰ ਕੇ ਬਾਹਰ ਘੁੰਮ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਐੱਸਐਚਓ ਦਾ ਲਗਾਤਾਰ ਰੋਲ ਨਾ-ਪੱਖੀ ਰਿਹਾ ਹੈ, ਉਹ ਸ਼ੁਰੂ ਤੋਂ ਹੀ ਕੇਸ ਨੂੰ ਕਮਜ਼ੋਰ ਦਾ ਯਤਨ ਕਰਦਾ ਆ ਰਿਹਾ ਹੈ ਤੇ ਕਥਿਤ ਉਸੇ ਕਰ ਕੇ ਦੋ ਮੁਲਜ਼ਮਾਂ ਨੂੰ ਕੇਸ ਵਿੱਚੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਗਪਗ ਦੋ ਮਹੀਨੇ ਬੀਤਣ ਉਪਰੰਤ ਵੀ ਰਹਿੰਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਐੱਸਐੱਚਓ ਬੋਹਾ ਨੂੰ ਤਬਦੀਲ ਕਰ ਦਿੱਤਾ ਗਿਆ ਹੈ, ਪਰ ਉਸ ਨੂੰ ਮੁਅੱਤਲ ਕਰਨ ਸਣੇ ਵੱਖ-ਵੱਖ ਮੰਗਾਂ ਸਬੰਧੀ ਸੀਪੀਆਈ ਵੱਲੋਂ ਮਨਜੀਤ ਗਾਮੀਵਾਲਾ ਨੂੰ ਇਨਸਾਫ਼ ਦਿਵਾਉਣ ਲਈ ਦੋ ਮਈ ਨੂੰ ਥਾਣਾ ਬੋਹਾ ਦਾ ਘਿਰਾਓ ਕੀਤਾ ਜਾਵੇਗਾ।