ਕਣਕ ਨੂੰ ਅੱਗ: ਅੱਜ ਤਕ ਕਿਸੇ ਸਰਕਾਰ ਨੇ ਨਹੀਂ ਲਈ ਕਿਸਾਨਾਂ ਦੀ ਸਾਰ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਅਪਰੈਲ
ਬੇਸ਼ੱਕ ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਅੱਗ ਲੱਗਣ ਕਾਰਨ ਸੜੀ ਫ਼ਸਲ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਦਾ ਐਲਾਨ ਕੀਤਾ ਗਿਆ ਹੈ, ਪਰ ਪੰਜਾਬ ਵਿੱਚ ਕਣਕ ਨੂੰ ਲੱਗੀ ਅੱਗ ਦਾ ਸੂਬਾ ਸਰਕਾਰ ਵੱਲੋਂ ਕਦੇ ਵੀ ਸਮੁੱਚੇ ਕਿਸਾਨਾਂ ਨੂੰ ਅੱਜ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ। ਪੰਜਾਬ ਵਿੱਚ ਅਕਾਲੀਆਂ ਸਣੇ ਕਾਂਗਰਸ ਦੀ ਸਰਕਾਰ ਵੱਲੋਂ ਭਾਵੇਂ ਸਮੇਂ-ਸਮੇਂ ’ਤੇ ਹਰਿਆਣਾ ਸਰਕਾਰ ਵਾਂਗ ਸੜੀ ਕਣਕ ਦਾ ਮੁਆਵਜ਼ਾ ਦੇਣ ਦਾ ਐਲਾਨ ਹੁੰਦਾ ਰਿਹਾ ਹੈ, ਪਰ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਦੇ ਬਾਵਜੂਦ ਕਦੇ ਮੁਆਵਜ਼ਾ ਨਹੀਂ ਦਿੱਤਾ।
ਹਾੜ੍ਹੀ ਦੇ ਸੀਜ਼ਨ ਦੌਰਾਨ ਹਰ ਸਾਲ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਸੜ ਜਾਂਦੀ ਹੈ ਪਰ ਅੱਜ ਤੱਕ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। ਭਾਵੇਂ ਹਰ ਸਾਲ ਹਾੜ੍ਹੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰਾਂ ਰਾਹੀਂ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਹਰ ਵਾਰ ਬਿਜਲੀ ਸ਼ਾਟ-ਸਰਕਟ ਰਾਹੀਂ ਕਣਕ ਨੂੰ ਅੱਗ ਲੱਗਣ ਦਾ ਖਦਸ਼ਾ ਪ੍ਰਗਟਾਇਆ ਜਾਂਦਾ ਹੈ, ਪਰ ਢਿੱਲੀਆਂ ਤਾਰਾਂ ਤੇ ਟਰਾਂਸਫਾਰਮਾਂ ’ਚੋਂ ਨਿਕਲਦੀਆਂ ਚੰਗਿਆੜੀਆਂ ਕਾਰਨ ਹਰ ਸਾਲ ਹਾਦਸੇ ਵਾਪਰਦੇ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਇਕਬਾਲ ਸਿੰਘ ਫਫੜੇ ਨੇ ਕਿਹਾ ਕਿ ਐਂਤਕੀ ਡਿਪਟੀ ਕਮਿਸ਼ਨਰਾਂ ਰਾਹੀਂ ਵਿਸ਼ੇਸ਼ ਗਿਰਦਾਵਰੀਆਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅੱਗ ਲੱਗਣ ਸਮੇਂ ਕੋਈ ਉੱਚ ਅਧਿਕਾਰੀ ਕਿਸਾਨਾਂ ਦੀ ਮਦਦ ਲਈ ਨਹੀਂ ਜਾਂਦੇ। ਹੁਣ ਜਦੋਂ ਸੜੀਆਂ ਕਣਕਾਂ ਕਾਰਨ ਘਰਾਂ ਵਿੱਚ ਬਣੇ ਗ਼ਮਗੀਨ ਮਾਹੌਲ ਅਤੇ ਸੱਥਰਾਂ ਵਰਗੀ ਸਥਿਤੀ ਹੋਈ ਪਈ ਹੈ ਤਾਂ ਵਿਧਾਇਕਾਂ ਤੇ ਵਜ਼ੀਰਾਂ ਦੇ ਸਿਵਾਏ ਦਿਲਾਸਿਆਂ ਤੋਂ ਗੱਲ ਅੱਗੇ ਤੱਕ ਨਹੀਂ ਜਾ ਸਕੀ ਹੈ। ਹੁਣ ਕਿਸਾਨ ਜਥੇਬੰਦੀਆਂ ਮੁਆਵਜ਼ੇ ਦੀ ਮੰਗ ਲਈ ਪਿੰਡਾਂ ’ਚ ਜੋਸ਼ ਭਰਨ ਲੱਗੀਆਂ ਹਨ।
ਬੀਕੇਯੂ (ਏਕਤਾ ਉਗਰਾਹਾਂ) ਦੇ ਆਗੂ ਰਾਮ ਸਿੰਘ ਭੈਣੀਬਾਘਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਗ ਲੱਗਣ ਕਾਰਨ ਨੁਕਸਾਨੀ ਗਈ ਕਣਕ ਦਾ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੁੱਝ ਥਾਵਾਂ ’ਤੇ ਅੱਗ ਬੁਝਾਉਣ ਸਮੇਂ ਅੱਗ ਨਾਲ ਝੁਲਸ ਕੇ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਪੰਜਾਬ ਸਰਕਾਰ ਨੇ ਕੋਈ ਸਾਰ ਨਹੀਂ ਲਈ।
ਇਸੇ ਦੌਰਾਨ ਡੀਸੀ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਲੱਗੀ ਅੱਗ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ।
ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ ‘ਆਪ’: ਬੁਧ ਰਾਮ
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ ਇਸ ਵਾਰ ਪੰਜਾਬ ਸਰਕਾਰ ਕਿਸਾਨਾਂ ਨੂੰ ਸੜੀ ਕਣਕ ਦਾ ਮੁਆਵਜ਼ਾ ਦੇਣ ਲਈ ਪਹਿਲ ਕਦਮੀ ਕਰੇਗੀ।