ਬਠਿੰਡਾ ’ਚ ਕਿਸਾਨਾਂ ਦਾ ਰੋਸ: ਤਸ਼ੱਦਦ ਖਿਲਾਫ਼ ਸਰਕਾਰ ਨੂੰ ਚਿਤਾਵਨੀ
ਬਠਿੰਡਾ(ਮਨੋਜ ਸ਼ਰਮਾ): ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਬਠਿੰਡਾ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਨੇ ਡੀਸੀ ਦਫਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰੇ ਦੌਰਾਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਹੋਈ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਤਹਿਸੀਲਦਾਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਕਿਸਾਨ ਆਗੂ ਬਲਕਰਨ ਸਿੰਘ ਬਰਾੜ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੇਂਦਰ ਦੀ ਤਾਨਾਸ਼ਾਹੀ ਨੀਤੀ ਅਨੁਸਾਰ ਅਮਨਪੂਰਨ ਸੰਘਰਸ਼ਾਂ ਨੂੰ ਪੁਲੀਸੀ ਜਬਰ ਰਾਹੀਂ ਦਬਾ ਰਹੀ ਹੈ। ਉਨ੍ਹਾਂ ਕਿਹਾ ਕਿ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਪੁਲਿਸੀ ਤਸ਼ੱਦਦ ਅਤੇ ਜੇਲ੍ਹਾਂ ਰਾਹੀਂ ਚੁੱਪ ਕਰਵਾਇਆ ਜਾ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਵੱਡਾ ਸੰਘਰਸ਼ ਹੋਵੇਗਾ।
ਮੁਜ਼ਾਹਰੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਲਦੇਵ ਸਿੰਘ ਭਾਈ ਰੂਪਾ, ਬਲਵਿੰਦਰ ਸਿੰਘ ਗੰਗਾ, ਹਰਵਿੰਦਰ ਸਿੰਘ ਕੋਟਲੀ, ਸਵਰਨ ਸਿੰਘ ਪੂਹਲੀ ਅਤੇ ਜਗਜੀਤ ਸਿੰਘ ਕੋਟਸ਼ਮੀਰ ਆਦਿ ਸ਼ਾਮਲ ਸਨ। ਹੋਰ ਆਗੂ ਪਰਮਜੀਤ ਕੌਰ ਪਿੱਥੋ, ਜਸਵੀਰ ਸਿੰਘ ਆਕਲੀਆ, ਅਮਰਜੀਤ ਸਿੰਘ ਹਨੀ ਆਦਿ ਵੀ ਹਾਜ਼ਰ ਰਹੇ।