ਥਾਣਾ ਮੁਖੀ ਦੀ ਕਾਰਵਾਈ ਨੇ ਇਲਾਕੇ ’ਚ ਛੇੜੀ ਨਵੀਂ ਚਰਚਾ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 28 ਅਪਰੈਲ
ਥਾਣਾ ਸਿਟੀ ਦੇ ਨਵੇਂ ਥਾਣਾ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਨਸ਼ੇ ਦੇ ਆਦੀ ਨੌਜਵਾਨਾਂ ਪ੍ਰਤੀ ਨਵਾਂ ਅਤੇ ਮਨੁੱਖਤਾਵਾਦੀ ਪਹੁੰਚ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਮ ਤੌਰ ’ਤੇ ਨਸ਼ਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜਣ ਦੀ ਕਾਰਵਾਈ ਤੋਂ ਉਲਟ, ਥਾਣਾ ਮੁਖੀ ਨੇ ਅੱਜ ਚਾਰ ਨੌਜਵਾਨਾਂ ਨੂੰ ਸਲਾਖ਼ਾਂ ਪਿੱਛੇ ਧੱਕਣ ਦੀ ਬਜਾਏ, ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਹੈ। ਇੰਸਪੈਕਟਰ ਜਤਿੰਦਰ ਸਿੰਘ ਦੀ ਇਸ ਕਾਰਵਾਈ ਨੇ ਇਲਾਕੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਲੋਕ ਪੁਲੀਸ ਦੇ ਇਸ ਬਦਲੇ ਹੋਏ ਰਵੱਈਏ ਦੀ ਸ਼ਲਾਘਾ ਕਰ ਰਹੇ ਹਨ।
ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਪੁਲੀਸ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਨਸ਼ੇ ਦੇ ਆਦੀ ਨੌਜਵਾਨ ਸਿਰਫ਼ ਅਪਰਾਧੀ ਨਹੀਂ, ਸਗੋਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਪੀੜਤ ਹਨ। ਉਨ੍ਹਾਂ ਨੂੰ ਇਲਾਜ ਅਤੇ ਸਹੀ ਮਾਰਗ ਦਰਸ਼ਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਭੇਜਣ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ, ਸਗੋਂ ਨੌਜਵਾਨ ਹੋਰ ਵੀ ਗਲਤ ਰਾਹ ’ਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਨਸ਼ਾ ਛੱਡਣ ਲਈ ਖ਼ੁਦ ਪੁਲੀਸ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਨੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਆ। ਪਰਿਵਾਰਾਂ ਦੀ ਸਹਿਮਤੀ ਮਗਰੋਂ ਉਹ ਖ਼ੁਦ ਨੌਜਵਾਨਾਂ ਨੂੰ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੱਕ ਲੈ ਕੇ ਆਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਦਾ ਇਹ ਤਰੀਕਾ ਕਾਰਗਰ ਸਾਬਤ ਹੋ ਸਕਦਾ ਹੈ ਅਤੇ ਇਸ ਨਾਲ ਨੌਜਵਾਨਾਂ ਨੂੰ ਇੱਕ ਨਵੀਂ ਜ਼ਿੰਦਗੀ ਜਿਊਣ ਦਾ ਮੌਕਾ ਮਿਲੇਗਾ। ਥਾਣਾ ਮੁਖੀ ਦੇ ਇਸ ਉੱਦਮ ਨੂੰ ਲੈ ਕੇ ਲੋਕਾਂ ਵਿੱਚ ਦੋ ਤਰ੍ਹਾਂ ਦੀਆਂ ਧਿਰਾਂ ਸਾਹਮਣੇ ਆ ਰਹੀਆਂ ਹਨ। ਇੱਕ ਧਿਰ ਵੱਲੋਂ ਇਸ ਕਦਮ ਨੂੰ ਮਨੁੱਖਤਾਵਾਦੀ ਅਤੇ ਸ਼ਲਾਘਾਯੋਗ ਦੱਸਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਨਸ਼ਾ ਕਰਨ ਵਾਲਿਆਂ ਦੇ ਪੀੜਤ ਲੋਕ ਇਸ ਨੂੰ ਨਸ਼ੇੜੀਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਕਦਮ ਕਰਾਰ ਦੇ ਰਹੇ ਹਨ।
ਥਾਣਾ ਮੁਖੀ ਨੇ ਇਨ੍ਹਾਂ ਆਲੋਚਨਾਵਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਆਪਣੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਨੌਜਵਾਨਾਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਮੌਕਾ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਖ਼ਤੀ ਦੀ ਲੋੜ ਹੋਵੇਗੀ, ਉੱਥੇ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ।