ਪਹਿਲਗਾਮ ਹਮਲਾ: ਕਾਂਗਰਸੀਆਂ ਵੱਲੋਂ ਮੋਮਬੱਤੀ ਮਾਰਚ
ਨਵਜੋਤ ਸ਼ਰਮਾ ਨੀਲੇਵਾਲਾ
ਮਖੂ, 26 ਅਪਰੈਲ
ਇੱਥੇ ਕਾਂਗਰਸ ਪਾਰਟੀ ਵੱਲੋਂ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਮਾਰੇ ਗਏ ਲੋਕਾਂ ਦੀ ਹੱਤਿਆ ਦੇ ਰੋਸ ਵਜੋਂ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਨਗਰ ਪੰਚਾਇਤ ਦਫ਼ਤਰ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਜੱਲ੍ਹਾ ਚੌਂਕੀ ਵਿੱਚ ਸਮਾਪਤ ਹੋਇਆ। ਇਸ ਦੌਰਾਨ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਗਏ। ਇਸ ਮਾਰਚ ਵਿੱਚ ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਜ਼ੀਰਾ ਨੇ ਕਿਹਾ ਕਿ ਅਤਿਵਾਦੀਆਂ ਵੱਲੋਂ ਕੀਤਾ ਕਾਰਾ ਇਕ ਘਿਨੌਣਾ ਜੁਰਮ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਦੇਸ਼ ਦੀ ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਦੀ ਕੋਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਵਾਉਣਾ ਨਾ ਸਿਰਫ਼ ਜੰਮੂ ਕਸ਼ਮੀਰ ਦੀ ਸ਼ਾਂਤੀ ਲਈ ਖ਼ਤਰਾ ਹੈ ਸਗੋਂ ਇਹ ਸਾਡੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਵੀ ਚੁਣੌਤੀ ਹੈ।
ਇਸ ਮੌਕੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਮਖੂ ਸ਼ਹਿਰੀ ਸ਼ਿਵ ਸਾਗਰ ਸ਼ਰਮਾ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸੁਖਵਿੰਦਰ ਸਿੰਘ ਗੱਟਾ, ਸਾਬਕਾ ਚੇਅਰਮੈਨ ਰੂਪ ਲਾਲ ਮਦਾਨ, ਸਾਬਕਾ ਪ੍ਰਧਾਨ ਸਰਵਨ ਮਸੀਹ ਸੰਮਾ, ਸਾਬਕਾ ਪ੍ਰਧਾਨ ਮਹਿੰਦਰ ਮਦਾਨ, ਸਾਬਕਾ ਚੇਅਰਮੈਨ ਗੁਰਮੇਜ ਸਿੰਘ ਬਾਹਰਵਾਲੀ, ਪ੍ਰਧਾਨ ਕਾਂਗਰਸ ਕਮੇਟੀ ਮਹਿਲਾ ਵਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਸਰਬਜੀਤ ਕੌਰ ਆਦਿ ਹਾਜ਼ਰ ਸਨ।
ਅਬੋਹਰ (ਪੰਕਜ ਕੁਮਾਰ): ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਖ਼ਿਲਾਫ਼ ਇੱਥੇ ਮੈਟਰੋ ਕਲੋਨੀ ਦੇ ਵਸਨੀਕਾਂ ਨੇ ਮੋਮਬੱਤੀ ਮਾਰਚ ਕੱਢਿਆ। ਇਸ ਮੌਕੇ ਪ੍ਰਧਾਨ ਮੈਟਰੋ ਕਲੋਨੀ ਅੰਗਰੇਜ਼ ਕੁਮਾਰ ਮੇਘਵਾਲ ਨੇ ਪਹਿਲਗਾਮ ਹਮਲੇ ਨੂੰ ਮਨੁੱਖਤਾ ਵਿਰੁੱਧ ਹਮਲਾ ਕਰਾਰ ਦਿੱਤਾ। ਰਮਨ ਗੋਇਲ ਨੇ ਕਿਹਾ ਕਿ ਇਸ ਘਟਨਾ ਨਾਲ ਹਰ ਭਾਰਤੀ ਨੂੰ ਸਦਮਾ ਪਹੁੰਚਿਆ ਹੈ। ਇਸੇ ਤਰ੍ਹਾਂ ਨੀਲਮ ਝਿੰਝਾ, ਪ੍ਰਿਥਵੀ ਰਾਜਪੁਰੋਹਿਤ, ਮਨਿੰਦਰ ਮੇਘ, ਡਾ. ਮਹਾਵੀਰ, ਸੁਨੀਲ ਹਾਂਡਾ ਆਦਿ ਨੇ ਸ਼ਿਰਕਤ ਕੀਤੀ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਪਹਿਲਗਾਮ ਅਤਿਵਾਦੀ ਹਮਲੇ ’ਚ ਜਾਨ ਗੁਆਉਣ ਵਾਲਿਆਂ ਨੂੰ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਕਸਬਾ ਸ਼ਹਿਣਾ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਨਾਲ ਪੂਰਾ ਦੇਸ਼ ਦੁੱਖ ’ਚ ਡੁੱਬ ਚੁੱਕਿਆ ਹੈ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਪਹਿਲਗਾਮ ਹਮਲੇ ’ਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਭਾਰਤ ਵਿਕਾਸ ਪ੍ਰੀਸ਼ਦ, ਬਜਰੰਗ ਦਲ ਕਾਲਾਂਵਾਲੀ ਅਤੇ ਸ਼ਹਿਰ ਦੇ ਹੋਰ ਸੰਗਠਨ ਦੇ ਮੈਂਬਰ ਇਕੱਠੇ ਹੋਏ ਅਤੇ ਪਾਕਿਸਤਾਨ ਦਾ ਪੁਤਲਾ ਸਾੜਿਆ।