ਸੇਠੀ ਯਾਦਗਾਰੀ ਰੰਗਮੰਚ ਉਤਸਵ ਸਮਾਪਤ
ਪਟਿਆਲਾ, 1 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਕਰਵਾਇਆ ਗਿਆ ‘ਸੁਰਜੀਤ ਸਿੰਘ ਸੇਠੀ ਯਾਦਗਾਰੀ ਰੰਗਮੰਚ ਉਤਸਵ’ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ। ਇਸ ਦੌਰਾਨ ਪਹਿਲੇ ਦਿਨ ਪ੍ਰੋ. ਜਸਪਾਲ ਦਿਉਲ ਦੁਆਰਾ ਪੰਜਾਬੀ ਵਿਚ ਅਨੁਵਾਦਿਤ ਤੇ ਨਿਰਦੇਸ਼ਿਤ ਬੰਗਲਾ ਨਾਟਕ ‘ਏਵਮ ਇੰਦਰਜੀਤ’ ਖੇਡਿਆ ਗਿਆ। ਸਿਮਰਨਜੀਤ ਸਿੰਘ, ਅਕਾਸ਼ਦੀਪ ਸਿੰਘ, ਪ੍ਰੋ. ਜਸਪਾਲ ਦਿਉਲ, ਸੁਖਦੀਪ ਕੌਰ, ਲਵਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਵਰਿੰਦਰ ਇੰਨਸਾਂ ਨੇ ਇਸ ਅਤਿ ਸੰਵੇਦਨਸ਼ੀਲ ਨਾਟਕ ਦੇ ਕਿਰਦਾਰਾਂ ਨੂੰ ਬਾਖੂਭੀ ਨਿਭਾਇਆ।
ਇਸ ਦਿਨ ਹਾਜ਼ਰ ਪ੍ਰੋ. ਕਮਲੇਸ਼ ਉੱਪਲ ਨੇ ਕਿਹਾ ਕਿ ਇਸ ਨਾਟਕ ਨੂੰ ਡਾ. ਸੇਠੀ ਦੀ ਯਾਦ ਨਾਲ ਜੋੜ ਕੇ ਪੇਸ਼ ਕਰਨਾ ਇਕ ਸਾਰਥਿਕ ਯਤਨ ਹੈ। ਪ੍ਰੋ. ਕਿਰਪਾਲ ਕਜ਼ਾਕ ਦਾ ਕਹਿਣਾ ਸੀ ਕਿ ਉਨ੍ਹਾਂ ਇਸ ਨਾਟਕ ਦੀਆਂ ਭਾਰਤ ਵਿਚ ਹੋਈਆਂ ਬਹੁਤ ਜ਼ਿਆਦਾ ਪੇਸ਼ਕਾਰੀਆਂ ਦੇਖੀਆਂ ਹਨ, ਪਰ ਇਹ ਅਨੁਵਾਦ ਅਤੇ ਪੇਸ਼ਕਾਰੀ ਉਨ੍ਹਾਂ ਸਭ ਤੋਂ ਵੱਖਰੀ ਅਤੇ ਸ਼ਾਨਦਾਰ ਹੈ। ਇਸ ਨਾਲ ਵਿਦਿਆਰਥੀਆਂ ਅਤੇ ਨਿਰਦੇਸ਼ਕ ਵਲੋਂ ਪੂਰਾ ਇਨਸਾਫ਼ ਕੀਤਾ ਗਿਆ ਹੈ। ਉਤਸਵ ਦੇ ਦੂਜੇ ਦਿਨ ਮਾਨਵ ਕੌਲ ਦੁਆਰਾ ਲਿਖਿਤ ਤੇ ਸ਼ੋਭਿਤ ਮਿਸ਼ਰਾ ਦੁਆਰਾ ਨਿਰਦੇਸ਼ਤ ਨਾਟਕ ‘ਪਾਰਕ’ ਪੇਸ਼ ਕੀਤਾ ਗਿਆ। ਨਾਟਕ ਵਿਚ ਸ਼ੋਭਿਤ ਮਿਸ਼ਰਾ, ਦਲਜੀਤ ਸਿੰਘ ਅਤੇ ਹੈਪੀ ਭੰਕੋਲੀਆ ਦੇ ਸ਼ਾਨਦਾਰ ਅਭਿਨੈ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਤੀਜੇ ਦਿਨ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੇ ਕੁਲਵਿੰਦਰ ਖਹਿਰਾ ਦੁਆਰਾ ਲਿਖਿਤ ਅਤੇ ਰਾਜਿੰਦਰ ਸਿੰਘ ਦੁਆਰਾ ਨਿਰਦੇਸ਼ਤ ਨਾਟਕ ‘ਮੈਂ ਕਿਤੇ ਨੀ ਗਿਆ’ ਖੇਡਿਆ ਗਿਆ। ਇਸ ਨਾਟਕ ਵਿਚ ਸੁਰਿੰਦਰ ਸ਼ਰਮਾ ਮੁੱਖ ਕਿਰਦਾਰ ਵਿਚ ਸਨ। ਇਸ ਦਿਨ ਹਾਜ਼ਰ ਪ੍ਰੋ. ਗੁਰਚਰਨ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਪ੍ਰੋ. ਸੇਠੀ ਦੀ ਯਾਦ ਵਿਚ ਰੰਗਮੰਚ ਉਤਸਵ ਕਰਨਾ ਬਹੁਤ ਵਧੀਆ ਉਪਰਾਲਾ ਹੈ।