ਸੁਪਰੀਮ ਕੋਰਟ ਨੇ ਪੂਜਾ ਖੇਡਕਰ ਦੀ ਗ੍ਰਿਫ਼ਤਾਰੀ ’ਤੇ ਰੋਕ ਵਧਾਈ
ਨਵੀਂ ਦਿੱਲੀ, 15 ਅਪਰੈਲ
ਸੁਪਰੀਮ ਕੋਰਟ ਨੇ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਧੋਖਾਧੜੀ ਅਤੇ ਗ਼ਲਤ ਤਰੀਕੇ ਨਾਲ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਅਤੇ ਦਿਵਿਆਂਗ ਸ਼੍ਰੇਣੀ ਤਹਿਤ ਰਾਖਵੇਂਕਰਨ ਦਾ ਲਾਭ ਲੈਣ ਦੀ ਮੁਲਜ਼ਮ, ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ਦੀ ਸਾਬਕਾ ਪ੍ਰੋਬੇਸ਼ਨਰ ਅਧਿਕਾਰੀ ਪੂਜਾ ਖੇਡਕਰ ਦੀ ਗ੍ਰਿਫ਼ਤਾਰੀ ’ਤੇ ਰੋਕ ਅੱਜ 21 ਅਪਰੈਲ ਤੱਕ ਵਧਾ ਦਿੱਤੀ ਹੈ। ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਖੇਡਕਰ ਦੇ ਵਕੀਲ ਦੀਆਂ ਦਲੀਲਾਂ ’ਤੇ ਗੌਰ ਕੀਤਾ ਕਿ ਦਿੱਲੀ ਸਰਕਾਰ ਦੀ ਪ੍ਰਤੀਕਿਰਿਆ ’ਤੇ ਉਨ੍ਹਾਂ ਦਾ ਜਵਾਬ ਦਾਖ਼ਲ ਕਰ ਦਿੱਤਾ ਗਿਆ ਹੈ ਪਰ ਇਹ ਰਿਕਾਰਡ ’ਤੇ ਨਹੀਂ ਆਇਆ ਹੈ। ਬੈਂਚ ਨੇ ਇਸ ਗੱਲ ਦਾ ਨੋਟਿਸ ਲਿਆ ਅਤੇ ਮਾਮਲੇ ਨੂੰ 21 ਅਪਰੈਲ ਨੂੰ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਹੈ। ਨਾਲ ਹੀ ਬੈਂਚ ਨੇ ਸਿਖ਼ਰਲੀ ਅਦਾਲਤ ਦੀ ਰਜਿਸਟਰੀ ਨੂੰ ਇਹ ਤਸਦੀਕ ਕਰਨ ਲਈ ਕਿਹਾ ਹੈ ਕਿ ਕੀ ਖੇਡਕਰ ਦਾ ਜਵਾਬ ਦਾਖ਼ਲ ਕੀਤਾ ਗਿਆ ਹੈ। ਇਸ ਦਰਮਿਆਨ, ਬੈਂਚ ਨੇ ਉਨ੍ਹਾਂ ਦੇ ਵਕੀਲ ਦੀ ਇਹ ਦਲੀਲ ਸਵੀਕਾਰ ਕਰ ਲਈ ਕਿ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਲਗਾਈ ਗਈ ਰੋਕ ਸੁਣਵਾਈ ਦੀ ਅਗਲੀ ਤਰੀਕ ਤੱਕ ਵਧਾ ਦਿੱਤੀ ਜਾਵੇ। ਸੁਪਰੀਮ ਕੋਰਟ ਨੇ 8 ਮਾਰਚ ਨੂੰ ਜ਼ੁਬਾਨੀ ਤੌਰ ’ਤੇ ਕਿਹਾ ਸੀ ਕਿ ਉਹ ‘ਸਮਰੱਥ ਉਮੀਦਵਾਰ’ ਅਤੇ ‘ਦਿਵਿਆਂਗ ਉਮੀਦਵਾਰ’ ਦੇ ਰੂਪ ਵਿੱਚ ਪ੍ਰੀਖਿਆ ਪਾਸ ਕਰਨ ਲਈ ਵੱਖ-ਵੱਖ ਕੋਸ਼ਿਸ਼ਾਂ ਨਹੀਂ ਕਰ ਸਕਦੀ ਹੈ। -ਪੀਟੀਆਈ