ਕੋਟਾ ਵਿੱਚ ਨੀਟ ਦੀ ਤਿਆਰੀ ਕਰ ਰਹੇ ਵਿਦਿਆਰਥੀ ਦੀ ਲਾਸ਼ ਮਿਲੀ
ਕੋਟਾ (ਰਾਜਸਥਾਨ), 24 ਅਪਰੈਲ
ਕੌਮੀ ਯੋਗਤਾ ਤੇ ਦਾਖਲ਼ਾ ਪ੍ਰੀਖਿਆ (ਨੀਟ) ਦੀ ਤਿਆਰੀ ਕਰ ਰਹੇ ਦਿੱਲੀ ਦੇ 23 ਸਾਲਾ ਵਿਦਿਆਰਥੀ ਦੀ ਲਾਸ਼ ਅੱਜ ਇੱਥੇ ਰੇਲਵੇ ਲਾਈਨ ਕੋਲ ਮਿਲੀ, ਜਿਸ ਮਗਰੋਂ ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਪੁਲੀਸ ਨੇ ਕਿਹਾ ਕਿ ਨੌਜਵਾਨ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕੀਤੀ ਹੈ। ਪੁਲੀਸ ਮੁਤਾਬਕ ਨੌਜਵਾਨ ਦੀ ਲਾਸ਼ ਲੈਂਡਮਾਰਕ ਸਿਟੀ ਇਲਾਕੇ ਵਿੱਚ ਮਿਲੀ ਅਤੇ ਘਟਨਾ ਸਥਾਨ ’ਤੇ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਦੇਸ਼ ਦਾ ਕੋਚਿੰਗ ਹੱਬ ਕਹੇ ਜਾਣ ਵਾਲੇ ਕੋਟਾ ਵਿੱਚ 48 ਘੰਟੇ ’ਚ ਨੀਟ ਦੀ ਤਿਆਰੀ ਕਰ ਰਹੇ ਕਿਸੇ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕੀਤੇ ਜਾਣ ਦਾ ਇਹ ਦੂਜਾ ਮਾਮਲਾ ਹੈ ਅਤੇ ਜਨਵਰੀ ਤੋਂ ਹੁਣ ਤੱਕ ਦਾ 12ਵਾਂ ਮਾਮਲਾ ਹੈ। ਪੁਲੀਸ ਇੰਸਪੈਕਟਰ ਅਰਵਿੰਦ ਭਾਰਦਵਾਜ ਨੇ ਪੀਟੀਆਈ ਨੂੰ ਦੱਸਿਆ ਕਿ ਦਿੱਲੀ ਦੇ ਤੁਗਲਕਾਬਾਦ ਦੇ ਵਸਨੀਕ ਰੋਸ਼ਨ ਸ਼ਰਮਾ ਦੀ ਲਾਸ਼ ਝਾੜੀਆਂ ’ਚੋਂ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਕੁਝ ਰਾਹਗੀਰਾਂ ਨੇ ਲਾਸ਼ ਦੇਖੀ ਅਤੇ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਮਗਰੋਂ ਪੁਲੀਸ ਨੇ ਵਿਦਿਆਰਥੀ ਦੇ ਮੋਬਾਈਲ ਫੋਨ ਤੋਂ ਉਸ ਦੇ ਮਾਪਿਆਂ ਨਾਲ ਸੰਪਰਕ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਰੋਸ਼ਨ ਦੀ ਬੁੱਧਵਾਰ ਰਾਤ ਨੂੰ ਆਪਣੇ ਪਰਿਵਾਰ ਨਾਲ ਆਖ਼ਰੀ ਵਾਰ ਗੱਲ ਹੋਈ ਸੀ ਤੇ ਪਰਿਵਾਰ ਮੁਤਾਬਕ ਰੋਸ਼ਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਅਗਲੇ ਮਹੀਨੇ ਨਾ ਤਾਂ ਨੀਟ ਪ੍ਰੀਖਿਆ ਦੇਵੇਗਾ ਅਤੇ ਨਾ ਹੀ ਦਿੱਲੀ ਪਰਤੇਗਾ। -ਪੀਟੀਆਈ