ਪਾਕਿਸਤਾਨੀ ਰੇਂਜਰਾਂ ਵੱਲੋਂ ਬੀਐੱਸਐੱਫ਼ ਜਵਾਨ ਗ੍ਰਿਫ਼ਤਾਰ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 24 ਅਪਰੈਲ
ਬੀਐੱਸਐੱਫ ਦਾ ਜਵਾਨ ਗ਼ਲਤੀ ਨਾਲ ਪੰਜਾਬ ਸਰਹੱਦ ਪਾਰ ਕਰ ਗਿਆ। ਪਾਕਿਸਤਾਨ ਦੇ ਰੇਂਜਰਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਰਿਹਾਈ ਲਈ ਦੋਵਾਂ ਬਲਾਂ ਦਰਮਿਆਨ ਗੱਲਬਾਤ ਚੱਲ ਰਹੀ ਹੈ। ਇਹ ਘਟਨਾ ਫ਼ਿਰੋਜ਼ਪੁਰ ਦੇ ਮਮਦੋਟ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਨੇੜੇ ਵਾਪਰੀ। ਸੂਤਰਾਂ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਜਵਾਨ ਉਸ ਸਮੇਂ ਸਰਹੱਦ ਨੇੜੇ ਡਿਊਟੀ ’ਤੇ ਸੀ। ਉਸ ਦੀ ਪਛਾਣ 182ਵੀਂ ਬਟਾਲੀਅਨ ਦੇ ਕਾਂਸਟੇਬਲ ਪੀਕੇ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਬੀਐੱਸਐੱਫ ਜਵਾਨ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰ ਰਹੇ ਕਿਸਾਨ ਨਾਲ ਸੀ। ਉਹ ਵਰਦੀ ਵਿੱਚ ਸੀ ਅਤੇ ਉਸ ਕੋਲ ਆਪਣੀ ਸਰਵਿਸ ਰਾਈਫਲ ਸੀ, ਜਦੋਂ ਕਿਸਾਨ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤਾਂ ਜਵਾਨ ਨੇੜੇ ਦਰੱਖਤ ਦੀ ਛਾਂ ਹੇਠ ਬੈਠ ਗਿਆ। ਇਸ ਦੌਰਾਨ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਸਰਹੱਦ ਪਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬੀਐੱਸਐੱਫ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਜਵਾਨ ਨੂੰ ਛੁਡਾਉਣ ਲਈ ਬੀਐੱਸਐੱਫ ਅਧਿਕਾਰੀਆਂ ਨੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨੂੰ ਫਲੈਗ ਮੀਟਿੰਗ ਲਈ ਸੱਦਾ ਦਿੱਤਾ ਸੀ ਪਰ ਪਾਕਿਸਤਾਨੀ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਬੀਐੱਸਐੱਫ ਅਧਿਕਾਰੀ ਦੇਰ ਸ਼ਾਮ ਤੱਕ ਜਵਾਨ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਰਹੇ। ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਪਹਿਲਗਾਮ ਵਿੱਚ ਅਤਿਵਾਦੀ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ ਵੱਲੋਂ ਅਤਿਵਾਦ ਨੂੰ ਸ਼ਹਿ ਦੇਣ ਲਈ ਉਸ ਖ਼ਿਲਾਫ਼ ਸਖ਼ਤ ਕਦਮ ਚੁੱਕੇ ਹਨ।