ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਜੈਪੁਰ/ਅਹਿਮਦਾਬਾਦ/ਬਾਲਾਸੋਰ, 24 ਅਪਰੈਲ
ਜੰਮੂ ਕਸ਼ਮੀਰ ਕੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਦਹਿਸ਼ਤੀ ਹਮਲੇ ’ਚ ਮਾਰੇ ਗਏ ਕਈ ਲੋਕਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ, ਨੇਤਾਵਾਂ, ਸਨੇਹੀਆਂ ਤੇ ਆਮ ਲੋਕਾਂ ਨੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਬੈਸਰਨ ’ਚ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲੇ ’ਚ 26 ਸੈਲਾਨੀ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਕਈਆਂ ਦਾ ਅੱਜ ਉੜੀਸਾ, ਗੁਜਰਾਤ, ਰਾਜਸਥਾਨ, ਕਰਨਾਟਕ ਤੇ ਉੱਤਰ ਪ੍ਰਦੇਸ਼ ’ਚ ਅੰਤਿਮ ਸੰਸਕਾਰ ਕੀਤਾ ਗਿਆ। ਦਹਿਸ਼ਤੀ ਹਮਲੇ ਦੇ ਮ੍ਰਿਤਕਾਂ ਦੀਆਂ ਦੇਹਾਂ ਜਦੋਂ ਉਨ੍ਹਾਂ ਦੇ ਜੱਦੀ ਸਥਾਨਾਂ ’ਤੇ ਪਹੁੰਚੀਆਂ ਤਾਂ ਉੱਥੇ ਮਾਹੌਲ ਗਮਗੀਨ ਹੋ ਗਿਆ। ਪੁਣੇ ਵਿੱਚ ਸੰਤੋਸ਼ ਜਗਦਲੇ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਅੰਤਿਮ ਵਿਦਾੲਗੀ ਦਿੱਤੀ ਗਈ। ਉੜੀਸਾ ਦੇ ਬਾਲਾਸੋਰ ਦੇ ਇਸ਼ਾਨੀ ਪਿੰਡ ’ਚ ਨੌ ਸਾਲਾਂ ਦੇ ਤਨੁਜ ਨੇ ਆਪਣੇ ਪਿਤਾ ਪ੍ਰਸ਼ਾਂਤ ਸਤਪਤੀ ਦੀ ਚਿਖਾ ਨੂੰ ਅਗਨੀ ਦਿਖਾਈ। ਪ੍ਰਸ਼ਾਂਤ ਦੀ ਵਿਧਵਾ ਪ੍ਰਿਆਦਰਸ਼ਨੀ ਸਦਮੇ ਵਿੱਚ ਸੀ ਜੋ ਅੰਤਿਮ ਰਸਮਾਂ ਦੌਰਾਨ ਬੇਹੋਸ਼ ਹੋ ਗਈ। ਮੁੱਖ ਮੰਤਰੀ ਮੋਹਨ ਚਰਨ ਮਾਝੀ ਤੇ ਬਾਲਾਸੋਰ ਦੇ ਸੰਸਦ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਸੈਂਕੜੇ ਲੋਕ ਮ੍ਰਿਤਕ ਦੇਹ ਨਾਲ ਸ਼ਮਸ਼ਾਨਘਾਟ ਤੱਕ ਗਏ।
ਰਾਜਸਥਾਨ ਦੇ ਸੀਏ ਨੀਰਜ ਉਧਵਾਨੀ (33) ਦਾ ਝਾਲਨਾ ਵਿੱਚ ਸਸਕਾਰ ਕੀਤਾ ਗਿਆ। ਝਾਲਨਾ ਦੇ ਸ਼ਮਸ਼ਾਨਘਾਟ ’ਚ ਨੀਰਜ ਦੇ ਵੱਡੇ ਭਰਾ ਕਿਸ਼ੋਰ ਉਧਵਾਨੀ ਨੇ ਉਸ ਦੀ ਚਿਖਾ ਨੂੰ ਅਗਨੀ ਦਿਖਾਈ। ਨੀਰਜ ਦੀ ਵਿਧਵਾ ਆਯੂਸ਼ੀ ਤੇ ਪਰਿਵਾਰਕ ਮੈਂਬਰ ਸੋਗ ’ਚ ਡੁੱਬੇ ਹੋਏ ਸਨ। ਇਸ ਤੋਂ ਪਹਿਲਾਂ ਰਾਜਸਥਾਨ ਦੇ ਰਾਜਪਾਲ ਹਰੀਭਾਊ ਬਾਗੜੇ, ਮੁੱਖ ਮੰਤਰੀ ਭਜਨ ਲਾਲ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਉਧਵਾਨੀ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ’ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਨੀਰਜ ਦੀ ਦੇਹ ਬੁੱਧਵਾਰ ਰਾਤ ਨੂੰ ਜਹਾਜ਼ ਰਾਹੀਂ ਜੈਪੁਰ ਲਿਆਂਦੀ ਗਈ ਸੀ। ਪਹਿਲਗਾਮ ਹਮਲੇ ’ਚ ਮਾਰੇ ਗਏ ਗੁਜਰਾਤ ਦੇ ਤਿੰਨ ਵਸਨੀਕਾਂ ’ਚੋਂ ਭਾਵਨਗਰ ਸ਼ਹਿਰ ਦੇ ਯਤੀਸ਼ ਪਰਮਾਰ, ਉਨ੍ਹਾਂ ਦੇ ਬੇਟੇ ਸਮਿਤ ਪਰਮਾਰ ਦਾ ਅਤੇ ਸੂਰਤ ਵਾਸੀ ਸ਼ੈਲੇਸ਼ ਕਲਾਠੀਆ ਦਾ ਉਨ੍ਹਾਂ ਦੇ ਜੱਦੀ ਸ਼ਹਿਰਾਂ ’ਚ ਸਸਕਾਰ ਕੀਤਾ ਗਿਆ। ਤਿੰਨਾਂ ਦੀਆਂ ਮ੍ਰਿਤਕ ਦੇਹਾਂ ਬੁੱਧਵਾਰ ਰਾਤ ਨੂੰ ਗੁਜਰਾਤ ਲਿਆਂਦੀਆਂ ਗਈਆਂ। ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਬੁੱਧਵਾਰ ਰਾਤ ਭਾਵਨਗਰ ਪਹੁੰਚੇ ਤੇ ਅੱਜ ਸਵੇਰੇ ਕਾਲੀਆਬਿਦ ਇਲਾਕੇ ’ਚ ਸਥਿਤ ਪਰਮਾਰ ਦੇ ਘਰ ਜਾ ਕੇ ਯਤੀਸ਼ ਤੇ ਸਮਿਤ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਕਾਰੋਬਾਰੀ ਸ਼ੁਭਮ ਦਿਵੇਦੀ, ਕਰਨਾਟਕ ਦੇ ਮੰਜੂਨਾਥ ਰਾਓ ਤੇ ਭਾਰਤ ਭੂਸ਼ਣ ਨੂੰ ਵੀ ਉਨ੍ਹਾਂ ਪਰਿਵਾਰਕ ਮੈਂਬਰਾਂ ਵੱਲੋਂ ਅੰਤਿਮ ਵਿਦਾਇਗੀ ਦਿੱਤੀ ਗਈ। -ਪੀਟੀਆਈ
ਆਲਮੀ ਆਗੂਆਂ ਵੱਲੋਂ ਪਹਿਲਗਾਮ ਹਮਲੇ ਦੀ ਨਿਖੇਧੀ
ਨਵੀਂ ਦਿੱਲੀ: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਮਿਸਰ ਦੇ ਰਾਸ਼ਟਰਪਤੀ ਅਬਦਲ ਫ਼ਤਾਹ ਅਲਸੀਸੀ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਅਤਿਵਾਦ ਖ਼ਿਲਾਫ਼ ਭਾਰਤ ਦੀ ਲੜਾਈ ਦਾ ਸਮਰਥਨ ਕੀਤਾ। ਇਸ ਦੇ ਨਾਲ ਹੀ ਇਰਾਕ, ਜੌਰਡਨ, ਕਤਰ ਅਤੇ ਦਿੱਲੀ ਸਥਿਤ ਅਰਬ ਲੀਗ ਦੇ ਮਿਸ਼ਨ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੀ ਸ਼ਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।