ਪਹਿਲਗਾਮ ਅਤਿਵਾਦੀ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਨੇ ਘੜੀ: ਕਾਂਗਰਸ
ਨਵੀਂ ਦਿੱਲੀ, 24 ਅਪਰੈਲ
ਕਾਂਗਰਸ ਨੇ ਪਹਿਲਗਾਮ ਅਤਿਵਾਦੀ ਹਮਲੇ ਨੂੰ ਅੱਜ ਭਾਰਤੀ ਗਣਰਾਜ ਦੀਆਂ ਕਦਰਾਂ-ਕੀਮਤਾਂ ’ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਘੜੀ ਇਸ ਸਾਜ਼ਿਸ਼ ਤਹਿਤ ਹਿੰਦੂ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਜੋ ਭਾਰਤ ਵਿੱਚ ਭਾਵਨਾਵਾਂ ਭੜਕਾਈਆਂ ਜਾ ਸਕਣ। ਪਾਰਟੀ ਨੇ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਮਗਰੋਂ ਇਹ ਵੀ ਦੋਸ਼ ਲਾਇਆ ਕਿ ਭਾਜਪਾ ਧਰੁਵੀਕਰਨ ਅਤੇ ਵੰਡ ਨੂੰ ਉਤਸ਼ਾਹਿਤ ਕਰਨ ਲਈ ਇਸ ਗੰਭੀਰ ਦੁਖਾਂਤ ਦਾ ਲਾਹਾ ਲੈ ਰਹੀ ਹੈ।
ਵਰਕਿੰਗ ਕਮੇਟੀ ਨੇ ਮੀਟਿੰਗ ਮਗਰੋਂ ਕਿਹਾ ਕਿ ਉਨ੍ਹਾਂ ਖੁਫ਼ੀਆ ਨਾਕਾਮੀਆਂ ਅਤੇ ਸੁਰੱਖਿਆ ਖ਼ਾਮੀਆਂ ਦਾ ਵਿਸਤਾਰ ਨਾਲ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ, ਜਿਨ੍ਹਾਂ ਕਾਰਨ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇਸ ਤਰ੍ਹਾਂ ਦਾ ਹਮਲਾ ਹੋਇਆ। ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰਕਿੰਗ ਕਮੇਟੀ ਵੱਲੋਂ ਪਾਸ ਮਤੇ ਪੜ੍ਹ ਕੇ ਸੁਣਾਏ। ਮਤੇ ਵਿੱਚ ਕਿਹਾ ਗਿਆ ਹੈ, “ਕਾਂਗਰਸ ਵਰਕਿੰਗ ਕਮੇਟੀ 22 ਅਪਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅਤਿਵਾਦੀ ਹਮਲੇ ’ਤੇ ਡੂੰਘਾ ਦੁੱਖ ਪ੍ਰਗਟ ਕਰਦੀ ਅਤੇ ਘਟਨਾ ਦੀ ਸਖ਼ਤ ਨਿਖੇਧੀ ਕਰਦੀ ਹੈ। ਇਸ ਘਿਨਾਉਣੇ ਹਮਲੇ ਵਿੱਚ 26 ਸੈਲਾਨੀਆਂ ਦੀ ਜਾਨ ਚਲੀ ਗਈ ਅਤੇ 20 ਤੋਂ ਵੱਧ ਗੰਭੀਰ ਜ਼ਖਮੀ ਹੋ ਗਏ। ਵਰਕਿੰਗ ਕਮੇਟੀ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ ਅਤੇ ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਨਾਲ ਪੂਰੀ ਇਕਜੁਟਤਾ ਨਾਲ ਖੜ੍ਹੀ ਹੈ।’’ ਵਰਕਿੰਗ ਕਮੇਟੀ ਨੇ ਕਿਹਾ ਕਿ ਇਹ ਕਾਇਰਤਾਪੂਰਨ ਅਤੇ ਯੋਜਨਾਬੱਧ ਅਤਿਵਾਦੀ ਹਮਲਾ ਪਾਕਿਸਤਾਨ ਵੱਲੋਂ ਘੜਿਆ ਗਿਆ ਅਤੇ ਇਹ ਭਾਰਤੀ ਗਣਰਾਜ ਦੀਆਂ ਕਦਰਾਂ ਕੀਮਤਾਂ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਿੰਦੂ ਨਾਗਰਿਕਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਉਣਾ ਪੂਰੇ ਦੇਸ਼ ਵਿੱਚ ਭਾਵਨਾਵਾਂ ਨੂੰ ਭੜਕਾਉਣ ਦੀ ਇੱਕ ਯੋਜਨਾਬੱਧ ਸਾਜ਼ਿਸ਼ ਸੀ। ਮਤੇ ਵਿੱਚ ਕਿਹਾ ਗਿਆ, ‘‘ਕਾਂਗਰਸ ਵਰਕਿੰਗ ਕਮੇਟੀ ਸ਼ਾਂਤੀ ਦੀ ਅਪੀਲ ਕਰਦੀ ਹੈ ਅਤੇ ਸਰਹੱਦ ਪਾਰ ਅਤਿਵਾਦ ਨਾਲ ਦ੍ਰਿੜ੍ਹਤਾ ਅਤੇ ਇਕਜੁੱਟਤਾ ਨਾਲ ਲੜਨ ਲਈ ਭਾਰਤੀ ਰਾਸ਼ਟਰੀ ਕਾਂਗਰਸ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਵਚਨਬੱਧਤਾ ਨੂੰ ਦੁਹਰਾਉਂਦੀ ਹੈ।’’ ਵਰਕਿੰਗ ਕਮੇਟੀ ਨੇ ਸਥਾਨਕ ਖੱਚਰਵਾਲਿਆਂ ਅਤੇ ਗਾਈਡਾਂ ਨੂੰ ਵੀ ਸ਼ਰਧਾਂਜਲੀ ਦਿੱਤੀ।