ਸੁਨੀਤਾ ਦੁੱਗਲ ਵਿਕਾਸ ਕਾਰਜਾਂ ਤੇ ਭ੍ਰਿਸ਼ਟਾਚਾਰ ਨੂੰ ਰੋਕਣ ਪ੍ਰਤੀ ਗੰਭੀਰ: ਇੰਦੋਰਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 22 ਅਪਰੈਲ
ਸਾਬਕਾ ਸੰਸਦ ਮੈਂਬਰ ਸ੍ਰੀਮਤੀ ਸੁਨੀਤਾ ਦੁੱਗਲ, ਜਿਨ੍ਹਾਂ ਨੇ ਰਤੀਆ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ, ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਗੰਭੀਰ ਹਨ। ਇਹ ਗੱਲ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਹਰਿਆਣਾ ਦੇ ਸਾਬਕਾ ਸੂਬਾ ਕਾਰਜਕਾਰਨੀ ਮੈਂਬਰ ਅਤੇ ਧਾਨਕ ਸਮਾਜ ਉਤਥਾਨ ਸਭਾ ਹਰਿਆਣਾ ਦੇ ਸੂਬਾ ਪ੍ਰਧਾਨ ਸੁਨੀਲ ਇੰਦੋਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਦੌਰਾਨ ਸੁਨੀਲ ਇੰਦੋਰਾ ਨੇ ਕਿਹਾ ਕਿ ਰਤੀਆ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਗਿਆ ਹੈ ਅਤੇ ਇਸ ਲਈ ਸੁਨੀਤਾ ਦੁੱਗਲ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਭ੍ਰਿਸ਼ਟਾਚਾਰ ਦੇ ਨਾਮ ਤੋਂ ਨਫ਼ਰਤ ਕਰਦੇ ਹਨ ਅਤੇ ਜੇ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਾ ਸਿਰਫ਼ ਆਪਣੀ ਨੌਕਰੀ ਗੁਆਉਣੀ ਪਵੇਗੀ ਸਗੋਂ ਜੇਲ੍ਹ ਵੀ ਜਾਣਾ ਪਵੇਗਾ। ਇੰਦੋਰਾ ਨੇ ਕਿਹਾ ਕਿ ਸਰਕਾਰ ਨੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਆਮ ਲੋਕਾਂ ਨੂੰ ਆਪਣੇ ਕੰਮ ਲਈ ਸਰਕਾਰੀ ਦਫ਼ਤਰਾਂ ਵਿੱਚ ਭੱਜ-ਦੌੜ ਨਾ ਕਰਨੀ ਪਵੇ, ਇਸ ਲਈ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣ। ਸੁਨੀਤਾ ਦੁੱਗਲ ਨੇ ਰਤੀਆ ਵਿੱਚ ਅਟਲ ਕਿਸਾਨ ਕੰਟੀਨ ਦਾ ਉਦਘਾਟਨ ਕੀਤਾ ਜਿੱਥੇ ਗਰੀਬ, ਮਜ਼ਦੂਰ ਅਤੇ ਕਿਸਾਨ ਨੂੰ 10 ਰੁਪਏ ਵਿੱਚ ਪੂਰਾ ਭੋਜਨ ਮਿਲੇਗਾ। ਇਸ ਦੇ ਨਾਲ ਹੀ ਵਪਾਰੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਹਦਾਇਤਾਂ ਦਿੱਤੀਆਂ ਗਈਆਂ।