CISCE ਬੋਰਡ ਨੇ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨੇ
ਨਵੀਂ ਦਿੱਲੀ, 30 ਅਪਰੈਲ
ਕੌਂਸਲ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (CISCE) ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਬੁੱਧਵਾਰ ਨੂੰ ਐਲਾਨੇ ਗਏ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ (CISCE) ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਕੁੜੀਆਂ ਨੇ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ ਹੈ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿਚ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 99.45 ਫੀਸਦੀ ਰਹੀ ਜਦੋਂ ਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 98.64 ਫੀਸਦੀ ਰਹੀ।
ਇਸੇ ਤਰ੍ਹਾਂ ਕੁੜੀਆਂ ਨੇ 12ਵੀਂ ਜਮਾਤ ਵਿਚ ਵੀ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਜਿਸ ਵਿਚ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 99.45 ਫੀਸਦੀ ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 98.64 ਫੀਸਦੀ ਰਹੀ। ICSE ਪ੍ਰੀਖਿਆ (ਜਮਾਤ 10ਵੀਂ) 67 ਲਿਖਤੀ ਵਿਸ਼ਿਆਂ ਵਿਚ ਲਈ ਗਈ, ਜਿਨ੍ਹਾਂ ਵਿੱਚੋਂ 20 ਭਾਰਤੀ ਭਾਸ਼ਾਵਾਂ ਅਤੇ 14 ਵਿਦੇਸ਼ੀ ਭਾਸ਼ਾਵਾਂ ਸਨ ਅਤੇ 1 ਕਲਾਸੀਕਲ ਭਾਸ਼ਾ ਸੀ। ISC ਪ੍ਰੀਖਿਆ (ਜਮਾਤ 12ਵੀਂ) 47 ਲਿਖਤੀ ਵਿਸ਼ਿਆਂ ਵਿਚ ਲਈ ਗਈ, ਜਿਨ੍ਹਾਂ ਵਿੱਚੋਂ 12 ਭਾਰਤੀ ਭਾਸ਼ਾਵਾਂ, ਚਾਰ ਵਿਦੇਸ਼ੀ ਭਾਸ਼ਾਵਾਂ ਅਤੇ ਦੋ ਕਲਾਸੀਕਲ ਭਾਸ਼ਾਵਾਂ ਸਨ।
ਮੁੱਖ ਕਾਰਜਕਾਰੀ ਜੋਸਫ਼ ਇਮੈਨੁਅਲ ਨੇ ਬੁੱਧਵਾਰ ਨੂੰ ਕਿਹਾ, ‘‘ਉਮੀਦਵਾਰ ਅਤੇ ਹਿੱਸੇਦਾਰ CISCE ਵੈੱਬਸਾਈਟ ਜਾਂ ਬੋਰਡ ਦੇ CAREERS ਪੋਰਟਲ ਦੀ ਵਰਤੋਂ ਕਰਕੇ ਨਤੀਜੇ ਦੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਨਤੀਜਿਆਂ ਨੂੰ ਡਿਜੀਲਾਕਰ ਰਾਹੀਂ ਵੀ ਦੇਖਿਆ ਜਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ 10ਵੀਂ ਜਮਾਤ (ICSE) ਅਤੇ 12ਵੀਂ ਜਮਾਤ (ISC) ਲਈ ਸੁਧਾਰ (improvement exams) ਪ੍ਰੀਖਿਆਵਾਂ ਜੁਲਾਈ ਵਿੱਚ ਕਰਵਾਈਆਂ ਜਾਣਗੀਆਂ। -ਪੀਟੀਆਈ