ਸਿੱਖਿਆ ਵਿਭਾਗ ਦਾ ਕਲਰਕ ਰਿਸ਼ਵਤ ਲੈਂਦਾ ਕਾਬੂ
ਗੁਰਦੀਪ ਸਿੰਘ ਭੱਟੀ
ਟੋਹਾਣਾ, 25 ਮਾਰਚ
ਸਿੱਖਿਆ ਵਿਭਾਗ ਪੰਚਕੂਲਾ ਹਰਿਆਣਾ ਦਾ ਕਲਰਕ ਕੁਲਦੀਪ ਕੁਮਾਰ ਫਤਿਹਾਬਾਦ ਦੇ ਅਦਾਲਤੀ ਅਹਾਤੇ ਵਿੱਚ ਕੇਸ ਵਿੱਚ ਮਦਦ ਕਰਨ ਲਈ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਪੁਲੀਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ।ਪਿੰਡ ਚਿੰਦੜ ਦੇ ਕਾਲੂਰਾਮ ਦੀ ਸ਼ਿਕਾਇਤ ’ਤੇ ਵਿਜੀਲੈਂਸ ਟੀਮ ਦਿਨ ਭਰ ਕਲਰਕ ਕੁਲਦੀਪ ਦਾ ਪਿੱਛਾ ਕਰਦੀ ਰਹੀ। ਸ਼ਿਕਾਇਤ ਮੁਤਾਬਿਕ ਕਾਲੂਰਾਮ ਦੇ ਪਿਤਾ ਭਾਲ ਸਿੰਘ ਚਪੜਾਸੀ ਦੀ ਸਰਕਾਰੀ ਸਕੂਲ ਚਿੰਦੜ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਉਸ ਵੇਲੇ ਕਾਲੂ ਰਾਮ ਪੰਜ ਸਾਲ ਦਾ ਸੀ। ਉਸ ਨੇ ਤਰਸ ਦੇ ਅਧਾਰ ’ਤੇ ਫਤਿਹਾਬਾਦ ਦੀ ਅਦਾਲਤ ਵਿੱਚ ਨੌਕਰੀ ਲੈਣ ਲਈ ਕੇਸ ਪਾਇਆ ਸੀ ਜਿਸ ’ਤੇ ਸਿੱਖਿਆ ਵਿਭਾਗ ਨੇ ਜਵਾਬ ਦਾਇਰ ਕਰਨਾ ਸੀ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਕੁਲਦੀਪ ਕੁਮਾਰ ਨੇ ਆਪਣੇ ਬਿਆਨ ਦਰਜ ਕਰਵਾਉਣੇ ਸਨ। ਇਸ ਕੇਸ ਸਬੰਧੀ ਕਾਲੂਰਾਮ ਨੇ ਕੁਲਦੀਪ ਦੀ ਆਪਸ ਵਿੱਚ ਮੋਬਾਈਲ ’ਤੇ ਕਾਫ਼ੀ ਗੱਲਬਾਤ ਹੁੰਦੀ ਰਹੀ। ਕੁਲਦੀਪ ਕੁਮਾਰ ਨੇ ਜਵਾਬ ਦਾਅਵੇ ਸਬੰਧੀ ਕਾਲੂਰਾਮ ਤੋਂ ਰਿਸ਼ਵਤ ਦੀ ਮੰਗ ਕੀਤੀ। ਮਗਰੋਂ ਇਹ ਸੌਦਾ ਵੀਹ ਹਜ਼ਾਰ ਵਿੱਚ ਤੈਅ ਹੋਇਆ । ਇਸ ਸਬੰਧੀ ਸਾਰੇ ਸਬੂਤ ਮੋਬਾਈਲ ਵਿੱਚ ਦਰਜ ਹੋ ਗਏ। ਕਾਲੂਰਾਮ ਨੇ ਮੋਬਾਈਲ ਦੀ ਰਿਕਾਰਡਿੰਗ ਤੇ ਮੈਜੇਸ਼ ਵਿਜੀਲੈਂਸ ਨੂੰ ਸੌਂਪ ਕੇ ਵੀਹ ਹਜ਼ਾਰ ਰੁਪਏ ਰਿਸ਼ਵਤ ਦੇ ਤਿਆਰ ਕਰਵਾ ਲਏ। ਕੁਲਦੀਪ ਜਦੋਂ ਫਤਿਹਾਬਾਦ ਅਦਾਲਤ ਵਿੱਚ ਜਵਾਬ ਦਾਅਵਾ ਦਾਖਲ ਕਰਨ ਪੁੱਜਿਆ ਤੇ ਕਾਲੂਰਾਮ ਨੂੰ ਕਾਰ ਵਿੱਚ ਲੈ ਕੇ ਘੁੰਮਦਾ ਰਿਹਾ। ਦੁਪਹਿਰ ਬਾਦ ਅਦਾਲਤ ਵਿੱਚ ਪੈਸੇ ਲੈਣ ਸਮੇਂ ਪਿੱਛਾ ਕਰ ਰਹੀ ਵਿਜੀਲੈਂਸ ਟੀਮ ਨੇ ਕੁਲਦੀਪ ਨੂੰ ਮੌਕੇ ’ਤੇ ਕਾਬੂ ਕਰ ਲਿਆ। ਪੁਲੀਸ ਮੁਲਜ਼ਮ ਨੂੰ ਆਪਣੇ ਨਾਲ ਹਿਸਾਰ ਲੈ ਗਈ।