ਸਿੱਖਾਂ ਦੇ ਕਾਤਲਾਂ ਨੂੰ ਪਾਰਟੀ ’ਚੋਂ ਬਾਹਰ ਕੱਢੇ ਗਾਂਧੀ ਪਰਿਵਾਰ: ਪੀਰਮੁਹੰਮਦ
ਨਿੱਜੀ ਪੱਤਰ ਪ੍ਰੇਰਕ
ਮਖੂ, 5 ਮਈ
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਧੀ ਨੇ ਅਮਰੀਕਾ ’ਚ ਸਿੱਖ ਕੌਮ ਪ੍ਰਤੀ ਆਪਣਾ ਬਿਆਨ ਦਿੱਤਾ ਹੈ ਕਿ 1980 ਦੇ ਦਹਾਕੇ ਵਿੱਚ ਜੋ ਹੋਇਆ ਉਹ ਗਲਤ ਸੀ, ਉਨ੍ਹਾਂ ਕਿਹਾ ਕਿ ਜੇ ਰਾਹੁਲ ਗਾਂਧੀ ਇਹ ਗਲਤੀ ਖੁੱਲ੍ਹੇ ਮਨ ਨਾਲ ਮੰਨਦੇ ਹਨ ਤਾਂ ਉਹ ਬਿਨਾਂ ਕਿਸੇ ਦੇਰੀ ਦੇ ਸਿੱਖਾਂ ਦੇ ਕਾਤਲਾਂ ਨੂੰ ਆਪਣੀ ਪਾਰਟੀ ’ਚੋਂ ਬਾਹਰ ਕੱਢਣ। ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਵਕਤ ਵਿੱਚ ਕਾਂਗਰਸ ਨਾਲ ਗੱਠਜੋੜ ਕਰਨ ਦੀਆਂ ਸੰਭਾਵਨਾਵਾਂ ਦੀ ਕੜੀ ਵਜੋਂ ਲਿਖੀ ਜਾ ਰਹੀ ਸਕ੍ਰਿਪਟ ਦਾ ਹੀ ਹਿੱਸਾ ਹੈ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਜਦੋਂ ਤੋਂ ਅਕਾਲੀ ਦਲ ਦਾ ਭਾਜਪਾ ਨਾਲੋਂ ਗੱਠਜੋੜ ਟੁੱਟਿਆ ਹੈ, ਉਦੋਂ ਤੋਂ ਦਿੱਲੀ ਅੰਦਰ ਕਾਂਗਰਸ ਨਾਲ ਗੂੜੀ ਸਾਂਝ ਰੱਖਣ ਵਾਲੀ ਸਿੱਖ ਲੀਡਰਸ਼ਿਪ ਨੇ ਕਾਂਗਰਸ ਅਕਾਲੀ ਗੱਠਜੋੜ ਲਈ ਲਾਬਿੰਗ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਮੁਹਾਲੀ ਏਅਰਪੋਰਟ ਤੋਂ ਇਕੱਠੀਆਂ ਤਸਵੀਰਾਂ ਸਾਂਝੀਆਂ ਕਰਵਾਉਣਾ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਸੀ ਬਲਕਿ ਭਵਿੱਖ ਦੇ ਸਿਆਸੀ ਗੱਠਜੋੜ ਵਾਸਤੇ ਇੱਕ ਵੱਡਾ ਸੁਨੇਹਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਤਿੰਨ ਦਿਨ ਲਗਾਤਾਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਦਾ ਪ੍ਰੋਗਰਾਮ ਵੀ ਇਸੇ ਕੜੀ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਇਸ ਵਕਤ ਇਸ ਗੱਠਜੋੜ ਨੂੰ ਜਲਦੀ ਤੋਂ ਜਲਦੀ ਪੰਜਾਬ ਵਿੱਚ ਲਾਗੂ ਕਰਨ ਲਈ ਉਤਾਵਲੀ ਹੋਈ ਬੈਠੀ ਹੈ।