ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਹਤ ਮਾਡਲ: ਖ਼ਸਤਾ ਹਾਲਤ ਇਮਾਰਤ ’ਤੇ ‘ਤੰਦਰੁਸਤ ਸਿਹਤ ਕੇਂਦਰ’ ਦਾ ਬੋਰਡ

05:35 AM Apr 16, 2025 IST
featuredImage featuredImage
ਭੋਤਨਾ ਦੇ ਖਸਤਾ ਹਾਲ ਸਿਹਤ ਕੇਂਦਰ ਦੀ ਇਮਾਰਤ ’ਤੇ ਲਾਇਆ ਬੋਰਡ।

ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 15 ਅਪਰੈਲ
ਸੂਬੇ ਵਿੱਚ ਸਿਹਤ ਮਾਡਲ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪਿੰਡਾਂ ਦੇ ਸਿਹਤ ਕੇਂਦਰਾਂ ਦੀ ਹਾਲਤ ਕਾਫੀ ਖ਼ਰਾਬ ਹੈ। ਹਲਕਾ ਮਹਿਲ ਕਲਾਂ ਦੇ ਪਿੰਡ ਭੋਤਨਾ ਦੇ ਸਿਹਤ ਕੇਂਦਰ ਦੇ ਹਾਲਾਤ ਕੁਝ ਅਜਿਹੇ ਹੀ ਹਨ, ਜਿੱਥੇ ਸਿਹਤ ਕੇਂਦਰ ਦੀ ਹਾਲਤ ਪੂਰੀ ਤਰ੍ਹਾਂ ਖ਼ਸਤਾ ਹੋ ਚੁੱਕੀ ਹੈ। ਪਿਛਲੇ ਤਿੰਨ ਵਰ੍ਹਿਆਂ ਤੋਂ ਸਿਹਤ ਕਰਮਚਾਰੀ ਵੀ ਇਸ ਇਮਾਰਤ ਨੂੰ ਛੱਡ ਚੁੱਕੇ ਹਨ ਅਤੇ ਪਿੰਡ ਦੇ ਇੱਕ ਘਰ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਮਜਬੂਰ ਹਨ। ਉਥੇ ਸਰਕਾਰ ਵੱਲੋਂ ਵੀ ਅਜੇ ਨਵੀਂ ਇਮਾਰਤ ਦੀ ਖ਼ੈਰ ਪੈਂਦੀ ਦਿਖਾਈ ਨਹੀਂ ਦੇ ਰਹੀ।
ਪਿੰਡ ਭੋਤਨਾ ਦੇ ਇਸ ‘ਹੈਲਥ ਐਂਡ ਵੈਲਨੈੱਸ’ ਕੇਂਦਰ ਵਿੱਚ ਸੀਐੱਚਓ, ਏਐੱਨਐੱਮ ਅਤੇ ਮੇਲ ਹੈਲਥ ਵਰਕਰ ਤਾਂ ਹਨ, ਪਰ ਸਰਕਾਰ ਸਿਹਤ ਕੇਂਦਰ ਲਈ ਨਵੀਂ ਇਮਾਰਤ ਨਹੀਂ ਬਣਾ ਸਕੀ। ਕਰੀਬ 35 ਸਾਲ ਪੁਰਾਣੀ ਇਮਾਰਤ ਵਿੱਚ ਬੂਹੇ ਬਾਰੀਆਂ ਵੀ ਟੁੱਟ ਚੁੱਕੀਆਂ ਹਨ ਅਤੇ ਇਮਾਰਤ ਡਿੱਗਣ ਕਿਨਾਰੇ ਹੈ। ਛੱਤਾਂ ਅਤੇ ਇਮਾਰਤ ਦੇ ਵਿਹੜੇ ਵੱਡਾ ਘਾਹ ਉੱਗਿਆ ਹੋਇਆ ਹੈ।
ਕਮਾਲ ਦੀ ਗੱਲ ਇਹ ਹੈ ਕਿ ਇਸ ਖ਼ਸਤਾਹਾਲ ਇਮਾਰਤ ਉਪਰ ‘ਤੰਦਰੁਸਤ ਪੰਜਾਬ ਸਿਹਤ ਕੇਂਦਰ’ ਦਾ ਨਵਾਂ ਬੋਰਡ ਲਾ ਦਿੱਤਾ ਗਿਆ ਹੈ, ਜੋ ਸਰਕਾਰ ਅਤੇ ਸਿਹਤ ਵਿਭਾਗ ਨੂੰ ਹੋਰ ਵੀ ਮਜ਼ਾਕ ਦਾ ਪਾਤਰ ਬਣਾ ਰਿਹਾ ਹੈ।
ਪਿੰਡ ਵਾਸੀ ਅਮਨਦੀਪ ਸਿੰਘ ਤੇ ਅਮਰਜੀਤ ਸਿੰਘ ਸੇਖੋਂ ਨੇ ਵੀ ਆਪ ਸਰਕਾਰ ਦੀ ਸਿਹਤ ਨੀਤੀ ਉੱਪਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਪਿੰਡ ਦੇ ਸਿਹਤ ਕੇਂਦਰ ਲਈ ਇਮਾਰਤ ਤੱਕ ਨਹੀਂ ਬਣਾ ਸਕੀ ਜਿਸ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਏਐੱਨਐੱਮ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਵਿੱਚ ਇੱਕ ਅਧਿਆਪਕ ਦੇ ਘਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਰੋਜ਼ਾਨਾ ਔਸਤਨ 50 ਦੇ ਕਰੀਬ ਮਰੀਜ਼ ਚੈੱਕਅੱਪ ਅਤੇ ਦਵਾਈਆਂ ਲਈ ਆ ਰਹੇ ਹਨ। ਇਮਾਰਤ ਲਈ ਵਿਭਾਗੀ ਅਧਿਕਾਰੀਆਂ ਨੂੰ ਕਈ ਦਫ਼ਾ ਲਿਖ ਕੇ ਭੇਜ ਚੁੱਕੇ ਹਾਂ।

Advertisement

ਸਰਕਾਰ ਨੂੰ ਤਜਵੀਜ਼ ਭੇਜ ਚੁੱਕੇ ਹਾਂ: ਐੱਸਐੱਮਓ

ਐੱਸਐੱਮਓ ਤਪਾ ਡਾ. ਇੰਦੂ ਬਾਂਸਲ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਨੂੰ ਭੋਤਨਾ ਦੇ ਸਿਹਤ ਕੇਂਦਰ ਦੀ ਇਮਾਰਤ ਸਬੰਧੀ ਲਿਖਤੀ ਤਜਵੀਜ਼ ਭੇਜੀ ਗਈ ਹੈ ਅਤੇ ਸਰਕਾਰ ਵੱਲੋਂ ਫਿਲਹਾਲ ਕੋਈ ਜਵਾਬ ਨਹੀਂ ਆਇਆ ਹੈ। ਜਿਵੇਂ ਹੀ ਕੋਈ ਗ੍ਰਾਂਟ ਆਉਂਦੀ ਹੈ ਤਾਂ ਨਵੀਂ ਇਮਾਰਤ ਬਣਾ ਦਿੱਤੀ ਜਾਵੇਗੀ।

Advertisement

Advertisement