ਤਲਵੰਡੀ ਸਾਬੋ ਰਜਬਾਹੇ ’ਚ ਮੁੜ ਪਾੜ ਪਿਆ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 16 ਮਈ
ਇਥੇ ਰਜਬਾਹੇ ’ਚ ਅੱਜ ਮੁੜ ਅਚਾਨਕ ਪਾੜ ਪੈ ਗਿਆ ਜਿਸ ਕਾਰਨ ਰਜਬਾਹੇ ਦੇ ਨਾਲ ਲੱਗਦੇ ਬੁੱਢਾ ਦਲ ਦੇ ਬਾਗਾਂ ’ਚ ਪਾਣੀ ਭਰ ਗਿਆ। ਇਸ ਤੋਂ ਇਲਾਵਾ ਹੋਰ ਕਿਸਾਨਾਂ ਦੇ ਖੇਤਾਂ ’ਚ ਪਾਣੀ ਭਰ ਗਿਆ, ਜਿਸ ਕਾਰਨ ਮੂੰਗੀ, ਮੱਕੀ ਦੀ ਫਸਲ ਅਤੇ ਝੋਨੇ ਦੀ ਪਨੀਰੀ ਨੁਕਸਾਨੇ ਜਾਣ ਦਾ ਖ਼ਦਸ਼ਾ ਹੈ। ਇਸ ਰਜਬਾਹੇ ’ਚ ਅਪਰੈਲ ਮਹੀਨੇ ’ਚ ਵੀ ਪਾੜ ਪਿਆ ਸੀ।
ਜਾਣਕਾਰੀ ਅਨੁਸਾਰ ਅੱਜ ਤਕਰੀਬਨ ਸਾਢੇ ਕੁ ਦਸ ਵਜੇ ਤਲਵੰਡੀ ਸਾਬੋ ਰਜਬਾਹੇ ’ਚ ਨਾਲ ਲੱਗਦੇ ਬੁੱਢਾ ਦਲ ਦੇ ਬਾਗਾਂ ਨੇੜੇ ਅਚਾਨਕ 65 ਫੁੱਟ ਦੇ ਕਰੀਬ ਚੌੜਾ ਪਾੜ ਪੈ ਗਿਆ। ਰਜਬਾਹੇ ਦਾ ਪਾਣੀ ਬਾਗਾਂ ਵਿੱਚ ਭਰਨ ਕਰਕੇ ਆੜੂ ਤੇ ਆਲੂ ਬੁਖਾਰਿਆਂ ਦੇ ਫ਼ਲਾਂ ਅਤੇ ਬਾਗਾਂ ਵਿੱਚ ਬੀਜੀਆਂ ਸਬਜ਼ੀਆਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਬੁੱਢਾ ਦਲ ਦੇ ਸਥਾਨਕ ਸੇਵਾਦਾਰ ਭਾਈ ਦਲੇਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ 29 ਅਪਰੈਲ ਨੂੰ ਬਾਗਾਂ ਵਾਲੇ ਪਾਸੇ ਰਜਬਾਹੇ ਵਿੱਚ ਪਾੜ ਪੈ ਗਿਆ ਸੀ। ਅੱਜ ਫਿਰ ਨਵੀਂ ਜਗ੍ਹਾ ਤੋਂ ਰਜਬਾਹਾ ਟੁੱਟ ਕੇ ਬਾਗਾਂ ਪਾਣੀ ਭਰ ਗਿਆ।
ਨਹਿਰੀ ਵਿਭਾਗ ਦੇ ਐੱਸਡੀਓ ਫਿਜ਼ੀ ਬਾਂਸਲ ਨੇ ਕਿਹਾ ਕਿ ਸੂਚਨਾ ਮਿਲਦਿਆਂ ਹੀ ਜੋਧਪੁਰ ਹੈੱਡ ਤੋਂ ਰਜਬਾਹੇ ਦਾ ਪਾਣੀ ਬੰਦ ਕਰਕੇ ਪਾੜ ਨੂੰ ਪੂਰਨ ਦੇ ਕਾਰਜ ਆਰੰਭ ਦਿੱਤੇ ਹਨ। ਰਜਬਾਹੇ ਦੀ ਇੱਕ ਪਟੜੀ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਉਨ੍ਹਾਂ ਰਜਬਾਹੇ ਵਿੱਚ ਪਾੜ ਪੈਣ ਦਾ ਕਾਰਨ ਇਸ ਦੀ ਪਟੜੀ ਉਪਰ ਲੱਗੇ ਵੱਡੇ ਦਰੱਖਤਾਂ ਦੇ ਤਣੇ ਅਤੇ ਦੂਜੀ ਪਟੜੀ ਉਪਰ ਬਣੇ ਬਾਈਪਾਸ ਤੋਂ ਦੀ ਲੰਘਦੇ ਭਾਰੀ ਵਾਹਨਾਂ ਦੀ ਪੈਂਦੀ ਧਮਕ ਦੱਸਿਆ।